#AMERICA

ਕੈਲੀਫੋਰਨੀਆ ਅਸੈਂਬਲੀ ਵੱਲੋਂ ਵਿਸਾਖੀ ਨੂੰ ਮਾਨਤਾ ਦੇਣ ਲਈ ਮਤਾ ਪਾਸ

-ਅਸੈਂਬਲੀ ਮੈਂਬਰ ਐਸ਼ ਕਾਲੜਾ ਅਤੇ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਵੱਲੋਂ ਪੇਸ਼ ਕੀਤਾ ਗਿਆ ਮਤਾ
ਸੈਕਰਾਮੈਂਟੋ, 26 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਵੱਲੋਂ ਲਗਾਤਾਰ ਛੇਵੇਂ ਸਾਲ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਮਤਾ ਪਾਸ ਕਰਕੇ ਮਾਨਤਾ ਦਿੱਤੀ ਗਈ ਹੈ। ਇਸ ਦੇ ਲਈ ਅਸੈਂਬਲੀ ਮੈਂਬਰ ਐਸ਼ ਕਾਲੜਾ ਅਤੇ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਅਸੈਂਬਲੀ ਵਿਚ ਮਤਾ ਰੱਖਿਆ। HR-20 ਨਾਂ ਹੇਠ ਮਤੇ ਵਿਚ ਪਹਿਲਾਂ ਅਸੈਂਬਲੀ ਮੈਂਬਰ ਐਸ਼ ਕਾਲੜਾ ਨੇ ਹਾਲ ਵਿਚ ਦੱਸਿਆ ਕਿ ਵਿਸਾਖੀ ਸਿੱਖ, ਹਿੰਦੂ ਅਤੇ ਬੁੱਧ ਧਰਮ ਵੱਲੋਂ ਭਾਰਤ ਵਿਚ ਅਪ੍ਰੈਲ ਮਹੀਨੇ ‘ਚ ਮਨਾਈ ਜਾਂਦੀ ਹੈ। ਪਰ ਪੰਜਾਬ ਵਿਚ ਇਸ ਦਾ ਵੱਖਰਾ ਮਹੱਤਵ ਹੈ। ਇਥੇ ਫਸਲ ਦੀ ਕਟਾਈ ਤੋਂ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਇਸ ਮਤੇ ਦੇ ਦੂਜੇ ਆਰਥਰ ਜਸਮੀਤ ਕੌਰ ਬੈਂਸ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਅਸੀਂ ਅਸੈਂਬਲੀ ਵਿਚ ਭਾਰਤ ਵਿਚ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਕਰਾਇਆ ਸੀ ਅਤੇ ਹੁਣ ਅਸੀਂ ਸਿੱਖਾਂ ਦੇ ਪਵਿੱਤਰ ਤਿਉਹਾਰ ਵਿਸਾਖੀ ਬਾਰੇ ਮਤਾ ਪਾਸ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਸਾਖੀ ਸਿੱਖਾਂ ਲਈ ਇਕ ਮਹੱਤਵਪੂਰਨ ਦਿਨ ਹੈ। ਅਮਰੀਕਾ ਵਰਗੇ ਦੇਸ਼ ਵਿਚ ਇਸ ਸੰਬੰਧੀ ਮਤਾ ਪਾਸ ਕਰਾਉਣਾ ਆਪਣੇ ਆਪ ਵਿਚ ਅਹਿਮੀਅਤ ਰੱਖਦਾ ਹੈ। ਅਸੈਂਬਲੀ ਮੈਂਬਰ ਜੇਮਜ਼ ਗੈਲਗਰ ਨੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦਾ ਅਮਰੀਕਾ ਦੇ ਅਰਥਚਾਰੇ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਯੂਬਾ ਸਿਟੀ ਦੇ ਨਗਰ ਕੀਰਤਨ ਬਾਰੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਅਤੇ ਕਿਹਾ ਕਿ 1 ਲੱਖ ਦੇ ਕਰੀਬ ਲੋਕ ਉਥੇ ਹਰ ਸਾਲ ਨਵੰਬਰ ਮਹੀਨੇ ਵਿਚ ਇਕੱਤਰ ਹੁੰਦੇ ਹਨ, ਜੋ ਅਮਰੀਕਾ ਵਿਚ ਸਿੱਖਾਂ ਦੀ ਭਾਰੀ ਵਸੋਂ ਨੂੰ ਦਰਸਾਉਂਦਾ ਹੈ।
HR-20 ਨੂੰ ਸਮੁੱਚੇ ਅਸੈਂਬਲੀ ਮੈਂਬਰਾਂ ਵੱਲੋਂ ਵੋਟਿੰਗ ਕਰਕੇ ਪਾਸ ਕਰ ਦਿੱਤਾ ਗਿਆ। ਇਸ ਮੌਕੇ ਕੁੱਝ ਸਿੱਖ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਡਾ. ਜਸਬੀਰ ਸਿੰਘ ਕੰਗ, ਗੁਰਜਤਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਧੁੱਗਾ, ਹਰਦੀਪ ਸਿੰਘ, ਤਜਿੰਦਰ ਮਾਨ, ਸੁੱਖੀ ਕੰਗ, ਕੁਲਵੰਤ ਜੌਹਲ, ਜਸਪਾਲ ਜੌਹਲ, ਅਮਨ ਸੱਗੂ, ਡਾ. ਨਰਿੰਦਰ ਸਿੰਘ, ਹਿਤਪਾਲ ਦਿਓਲ, ਦਵਿੰਦਰ ਦਿਓਲ, ਡਾ. ਹਰਕਿਰਤ ਸੱਗੂ, ਰਵੀਨ ਰਾਏ, ਜਤਿੰਦਰ ਸਿੰਘ, ਅਮਰਜੀਤ ਰਾਏ, ਡਾ. ਕਰਮਜੀਤ ਸਿੰਘ, ਰੇਸ਼ਮ ਰਾਏ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।

Leave a comment