ਫਰਿਜ਼ਨੋ, 2 ਦਸੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 501 ਸਾਲਾ ਗੁਰਪੁਰਬ ਨੂੰ ਸਮਰਪਿਤ ਸਮਾਗਮ ਦਮਦਮੀ ਟਕਸਾਲ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆ ਵਿਖੇ ਕਰਵਾਏ ਗਏ, ਜਿਸ ਦੌਰਾਨ ਅਖੰਡ ਪਾਠ ਦੇ ਭੋਗ, ਕਥਾ-ਕੀਰਤਨ ਅਤੇ ਰੈਣ-ਸੁਬਾਈ ਕੀਰਤਨ ਤੋਂ ਇਲਾਵਾ ਗੁਰੂਘਰ ਦੀ ਚਾਰਦਿਵਾਰੀ ਅੰਦਰ ਗੁਰੂ ਗ੍ਰੰਥ ਸਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕਰਕੇ ਪਰਿਕਰਮਾ ਕੀਤੀ ਗਈ। ਜਿਸ ਵਿਚ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਅਤੇ ਸੰਗਤਾਂ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ। ਅੰਤ ਸਮਾਪਤੀ ‘ਤੇ ਬਾਹਰ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ। ਕੋਵਿਡ-19 ਦੇ ਚੱਲਦਿਆਂ ਇਸ ਸਾਲ ਵੱਡੇ ਪੱਧਰ ‘ਤੇ ਬੇਸ਼ੱਕ ਨਗਰ ਕੀਰਤਨ ਨਹੀਂ ਸਜਾ ਸਕੇ, ਪਰ ਗੁਰੂਘਰ ਵਿਚ ਹਾਜ਼ਰ ਸੰਗਤਾਂ ਵਿਚ ਇਸ ਸਮੇਂ ਬਹੁਤ ਉਤਸ਼ਾਹ ਅਤੇ ਸ਼ਰਧਾ ਪਾਈ ਜਾ ਰਹੀ ਸੀ। ਇਸ ਸਮੇਂ ਹਾਜ਼ਰ ਸੰਗਤਾਂ ਵੱਲੋਂ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਅਤੇ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਗਿਆ। ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਨਾਅਰੇ ਵੀ ਲਾਏ ਗਏ। ਗੁਰੂ ਦਾ ਲੰਗਰ ਅਤੁੱਟ ਵਰਤਿਆਂ ਅਤੇ ਕੁਝ ਸਟਾਲ ਵੀ ਲੱਗੇ ਹੋਏ ਸਨ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤਾ ਇਕੱਠ ਨਹੀਂ ਜੁੜ ਰਿਹਾ ਸੀ, ਸੰਗਤਾਂ ਗੁਰੂ ਨੂੰ ਨਤਮਸਤਕ ਹੋਣ ਲਈ ਆ ਅਤੇ ਜਾ ਰਹੀਆਂ ਸਨ।