ਅਮਰੀਕੀ ਅਦਾਲਤ ਵੱਲੋਂ ਟਰੰਪ ਦੇ ਐਚ-1ਬੀ ਵੀਜ਼ਾ ‘ਤੇ ਦਿੱਤੇ ਆਦੇਸ਼ ਰੱਦ

230
Share

-ਭਾਰਤ, ਚੀਨ ਦੇ ਤਕਨੀਕੀ ਪੇਸ਼ਵਰਾਂ ਨੂੰ ਮਿਲੀ ਰਾਹਤ
-ਐੱਚ-1 ਬੀ ਵੀਜ਼ਾ ਦੀ ਭਾਰਤ ਤੇ ਚੀਨ ਦੇ ਲੋਕ ਕਰਦੇ ਨੇ ਜ਼ਿਆਦਾ ਵਰਤੋਂ
ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)- ਅਮਰੀਕੀ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਵੀਜ਼ਾ ਸਬੰਧੀ ਦਿੱਤੇ ਆਦੇਸ਼ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਰਾਹੀ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਗਿਣਤੀ ‘ਚ ਭਾਰੀ ਕਟੌਤੀ ਕੀਤੀ ਗਈ ਸੀ। ਇਸ ਖ਼ਬਰ ਨਾਲ ਭਾਰਤ, ਚੀਨ ਦੇ ਤਕਨੀਕੀ ਪੇਸ਼ੇਵਰਾਂ ਲਈ ਰਾਹਤ ਮਿਲੀ ਹੈ। ਅਮਰੀਕੀ ਸੂਬੇ ਕੈਲੀਫੋਰਨੀਆ ਦੇ ਜ਼ਿਲ੍ਹਾ ਜੱਜ ਜੈਫਰੀ ਵ੍ਹਾਈਟ ਨੇ ਕਿਹਾ ਕਿ ਸਰਕਾਰ ਨੇ ਪਾਰਦਰਿਸ਼ਤਾ ਦੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਅਤੇ ਸਰਕਾਰ ਦਾ ਦਾਅਵਾ ਵਿਅਰਥ ਹੈ ਕਿ ਕੋਰੋਨਾ ਮਹਾਂਮਾਰੀ ਵਿਚ ਨੌਕਰੀਆਂ ਦੇ ਜਾਣ ਕਾਰਨ ਤਬਦੀਲੀ ਜ਼ਰੂਰੀ ਸੀ। ਇਸਦਾ ਕਾਰਨ ਇਹ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਹ ਬਹੁਤ ਪਹਿਲਾਂ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਨਿਯਮ ਸਿਰਫ ਅਕਤੂਬਰ ਵਿਚ ਪ੍ਰਕਾਸ਼ਤ ਕੀਤੇ ਗਏ ਸਨ।
ਧਿਆਨਯੋਗ ਹੈ ਕਿ ਅਮਰੀਕੀ ਸਰਕਾਰ ਤਕਨਾਲੋਜੀ, ਇੰਜੀਨੀਅਰਿੰਗ ਅਤੇ ਦਵਾਈ ਵਰਗੇ ਖੇਤਰਾਂ ਵਿਚ ਹਰ ਸਾਲ 85 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕਰਦੀ ਹੈ। ਅਮਰੀਕਾ ‘ਚ ਇਸ ਸਮੇਂ ਲਗਭਗ 6 ਲੱਖ ਐੱਚ-1ਬੀ ਵੀਜ਼ਾ ਧਾਰਕ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਅਤੇ ਚੀਨ ਦੇ ਲੋਕ ਹਨ। ਇਸ ਸਾਲ ਅਕਤੂਬਰ ‘ਚ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਵਿਚ ਇੱਕ ਵੱਡੀ ਤਬਦੀਲੀ ਕੀਤੀ ਅਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲੀਆਂ ਕੰਪਨੀਆਂ ‘ਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ। ਇਸ ਵਿਚ ਬਹੁਤ ਸਾਰੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਸਨ, ਜਿਵੇਂ ਕਿ ਘੱਟੋ-ਘੱਟ ਤਨਖਾਹ ਦੀ ਸ਼ਰਤ ਅਤੇ ਵਿਸ਼ੇਸ਼ ਪੇਸ਼ੇ ਵਰਗੇ ਨਵੇਂ ਨਿਯਮ ਲਾਗੂ ਕਰਦੇ ਹੋਏ ਲਗਭਗ ਇੱਕ ਤਿਹਾਈ ਬਿਨੈਕਾਰਾਂ ਨੂੰ ਐੱਚ-1ਬੀ ਵੀਜ਼ਾ ਨਹੀਂ ਮਿਲ ਸਕਦਾ ਸੀ।


Share