#PUNJAB

ਸੀ.ਬੀ.ਆਈ. ਅਦਾਲਤ ਵੱਲੋਂ ਮੁਅੱਤਲ ਡੀ.ਆਈ.ਜੀ. ਭੁੱਲਰ ਨੂੰ ਰਾਹਤ

-ਅਰਜ਼ੀ ‘ਤੇ ਜਵਾਬ ਲਈ ਮੰਗਿਆ ਹੋਰ ਸਮਾਂ
ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਮੇਲ)- ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਨੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਉਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਵਿਚ ਉਸ ਨੇ ਰਿਸ਼ਵਤਖੋਰੀ ਦੇ ਮਾਮਲੇ ਦੌਰਾਨ ਜ਼ਬਤ ਕੀਤੇ ਗਏ ਮੋਬਾਈਲ ਫੋਨ, ਅਸਲ ਦਸਤਾਵੇਜ਼ ਅਤੇ ਨਕਦੀ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਸੀ.ਬੀ.ਆਈ. ਦੀ ਅਰਜ਼ੀ ‘ਤੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਸੀ।
ਸੀ.ਬੀ.ਆਈ. ਨੇ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ਮੁਅੱਤਲ ਡੀ.ਆਈ.ਜੀ. ਭੁੱਲਰ ਅਤੇ ਉਸ ਦੇ ਸਾਥੀ ਕ੍ਰਿਸ਼ਾਨੂ ਸ਼ਾਰਦਾ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੇ ਕਈ ਹੋਰ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਦੀ ਸ਼ਮੂਲੀਅਤ ਪਾਈ ਗਈ ਹੈ।
ਇਹ ਮਾਮਲਾ ਅਕਤੂਬਰ 2025 ਵਿਚ ਆਕਾਸ਼ ਬੱਟਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ, ਜਿਸ ਵਿਚ ਕ੍ਰਿਸ਼ਾਨੂ ਨੂੰ ਡੀ.ਆਈ.ਜੀ. ਭੁੱਲਰ ਦੇ ਨਾਂ ‘ਤੇ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਜਾਂਚ ਲਈ ਡੀ.ਆਈ.ਜੀ. ਭੁੱਲਰ ਦਾ ਮੋਬਾਈਲ ਫੋਨ, ਐਪਲ ਆਈਪੈਡ, ਮੈਕਬੁੱਕ ਪ੍ਰੋ ਅਤੇ ਲੈਪਟਾਪ ਦੀ ਮੰਗ ਕੀਤੀ ਹੈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਅਪ੍ਰੈਲ, 2026 ਤੱਕ ਮੁਲਤਵੀ ਕਰ ਦਿੱਤੀ ਹੈ।