#AMERICA

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ‘ਚ ਕਰਮਨ ਦੇ ਗੁਰਦੁਆਰਾ ਵਿਖੇ ਵਿਸ਼ੇਸ਼ ਸਮਾਗਮ ਹੋਏ

ਫਰਿਜ਼ਨੋ, 9 ਸਤੰਬਰ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ/ਪੰਜਾਬ ਮੇਲ)- ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ”ਗੁਰਦੁਆਰਾ ਅਨੰਦਗੜ ਸਾਹਿਬ” ਕਰਮਨ, ਕੈਲੀਫੋਰਨੀਆ ਵਿਖੇ ਕਰਵਾਏ ਗਏ। ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਖਾਲੜਾ ਸਾਹਿਬ ਦੇ ਸੱਚੇ-ਸੁੱਚੇ ਨਿਧੜਕ ਕੁਰਬਾਨੀ ਵਾਲੇ ਜੀਵਨ ਬਾਰੇ ਵਿਚਾਰਾਂ ਹੋਈਆਂ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਜੱਥੇ ਦੇ ਭਾਈ ਬਲਜਿੰਦਰ ਸਿੰਘ, ਭਾਈ ਸਤਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਨਿਰੋਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦਿਆਂ ਕੀਤੀ। ਇਸ ਤੋਂ ਬਾਅਦ ਪ੍ਰਬੰਧਕਾਂ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਹੋਰ ਸ਼ਹੀਦਾਂ ਦੀ ਜ਼ਿੰਦਗੀ ਬਾਰੇ ਇਤਿਹਾਸਕ ਵਾਰਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ।
ਇਸ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ ਸ. ਸਰਬਜੀਤ ਸਿੰਘ ਸਰਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਇਤਿਹਾਸਕ ਪੱਖਾਂ ਦੀ ਗੱਲ ਕੀਤੀ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਰੇਡੀਓ ਹੋਸਟ ਅਤੇ ਸੀਨੀਅਰ ਪੱਤਰਕਾਰ ਪਰਵੀਨ ਸ਼ਰਮਾ ਨੇ ਬੋਲਦਿਆਂ ਸ਼ੁਰੂ ਤੋਂ ਮੌਜੂਦਾ ਸਮੇਂ ਤੱਕ ਸਿੱਖ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੀ ਗੱਲ ਕਰਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ। ਜਦਕਿ ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਪਰ ਪਾਰਕ ਅਤੇ ਸਕੂਲ ਬਣਾਉਣ ਲਈ ਸਹਿਯੋਗੀਆਂ ਸਮੇਤ ਸੇਵਾਵਾਂ ਨਿਭਾਉਣ ਵਾਲੇ ਨੌਜਵਾਨ ਆਗੂ ਨੈਣਦੀਪ ਸਿੰਘ ਨੇ ਵੀ ਖਾਲੜਾ ਸਾਹਿਬ ਨੂੰ ਯਾਦ ਕੀਤਾ। ਇਸ ਤੋਂ ਬਾਅਦ ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਲਈ ਉਮੀਦਵਾਰ ਡਾ. ਦਵਿੰਦਰ ਕੌਰ ਸਿੱਧੂ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਸੰਗਤਾਂ ਨੂੰ ਵੋਟਾਂ ਪਾਉਣ ਲਈ ਵੀ ਅਪੀਲ ਕੀਤੀ।
ਇਸ ਪ੍ਰੋਗਰਾਮ ਦੌਰਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਦੂਰ-ਦੁਰਾਡੇ ਤੋਂ ਗੁਰੂਘਰ ਪਹੁੰਚੀਆਂ ਹੋਈਆਂ ਸਨ। ਇਸ ਪ੍ਰੋਗਰਾਮ ਦੇ ਇਤਿਹਾਸਕ ਪਲਾਂ ਨੂੰ ਲਾਈਵ ਅਤੇ ਕੈਮਰਾਬੱਧ ਕਰਨ ਦੀਆਂ ਸੇਵਾਵਾਂ ਭਾਈ ਬਲਵਿੰਦਰ ਸਿੰਘ ‘ਸਿੰਘ ਪ੍ਰੋਡਕਸਨ ਯੂ.ਐੱਸ.ਏ.’ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈਆਂ ਗਈਆਂ। ਅੰਤ ਵਿਚ ਸ. ਸਰਬਜੀਤ ਸਿੰਘ ਸਰਾਂ ਨੇ ਇਸ ਪ੍ਰੋਗਰਾਮ ਵਿਚ ਸੇਵਾਵਾਂ ਨਿਭਾਉਣ ਅਤੇ ਹਾਜ਼ਰ ਹੋਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ‘ਤੇ ਸਿੱਖ ਇਤਿਹਾਸ ਦੇ ਸ਼ਹਾਦਤਾਂ ਭਰੇ ਅਤੇ ਇਨਸਾਨੀਅਤ ਲਈ ਬਹਾਦਰੀ ਨਾਲ ਲੜਨ ਵਾਲੇ ਸਮੇਂ ਦੀ ਯਾਦ ਕਰਵਾਉਂਦਿਆਂ, ਨਵੀਂ ਪੀੜ੍ਹੀ ਲਈ ਸੇਧ ਦੇਣ ਵਾਲੇ ਪ੍ਰੋਗਰਾਮ ਦਾ ਪ੍ਰਬੰਧਕਾਂ ਵੱਲੋਂ ਵੱਡਾ ਉਪਰਾਲਾ ਸੀ।