ਸ੍ਰੀ ਮੁਕਤਸਰ ਸਾਹਿਬ, 8 ਜੂਨ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡੀ ਪੱਧਰ ‘ਤੇ ਮੁਫ਼ਤ ਸਿਖਲਾਈ ਸੈਂਟਰ (ਕੰਪਿਊਟਰ, ਸਿਲਾਈ, ਬਿਊਟੀ ਪਾਰਲਰ) ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਖੋਲ੍ਹੇ ਜਾ ਰਹੇ ਹਨ, ਤਾਂ ਜੋ ਇਹ ਨੌਜਵਾਨ ਲੜਕੇ ਲੜਕੀਆਂ ਤਕਨੀਕੀ ਸਿੱਖਿਆ ਲੈ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 7 ਸਿਖਲਾਈ ਸੈਂਟਰ ਚੱਲ ਰਹੇ ਹਨ। ਗੁਰਦੁਆਰਾ ਸਹਿਬ ਪਿੰਡ ਖੱਪਿਆਂਵਾਲ਼ੀ ਵਿਚ 6 ਮਹੀਨੇ ਦੀ ਸਿਲਾਈ ਦੀ ਟ੍ਰੇਨਿੰਗ ਦੇਣ ਤੋਂ ਬਾਅਦ 30 ਲੜਕੀਆਂ ਦੀ ਫਾਈਨਲ ਪ੍ਰੀਖਿਆ ਲਈ ਗਈ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਚਰਨਜੀਤ ਸਿੰਘ ਮਾਂਗਟ ਕੇਰ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਸੈਂਟਰਾਂ ਤੋਂ ਤਕਨੀਕੀ ਸਿੱਖਿਆ ਗ੍ਰਹਿਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਅਪਣੇ ਕੰਮਾਂ ਵਿਚ ਨਿਪੁੰਨ ਹੋ ਕੇ ਆਪਣੇ ਪਰਿਵਾਰਾਂ ਦਾ ਵਧੀਆ ਪਾਲਣ-ਪੋਸ਼ਣ ਕਰ ਰਹੇ ਹਨ, ਇਨ੍ਹਾਂ ਸਿਖਲਾਈ ਸੈਂਟਰਾਂ ‘ਤੇ ਸਿਖਿਆਰਥੀਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਆਈ.ਐੱਸ.ਓ. ਸਰਟੀਫਿਕੇਟ ਦਿੱਤੇ ਜਾਂਦੇ ਹਨ। ਇਸ ਮੌਕੇ ਸੁਖਬੀਰ ਸਿੰਘ ਜੈਲਦਾਰ, ਹਰਭਗਵਾਨ ਸਿੰਘ ਖੱਪਿਆਂਵਾਲ਼ੀ, ਕਾਲਾ ਖੱਪਿਆਂਵਾਲ਼ੀ, ਮੈਡਮ ਵੀਰਪਾਲ ਕੌਰ, ਪਿੰਡ ਖੱਪਿਆਂਵਾਲ਼ੀ ਦੇ ਪਤਵੰਤੇ ਅਤੇ ਗੂਰਦੁਆਰਾ ਸਹਿਬ ਦੀ ਕਮੇਟੀ ਦੇ ਸੇਵਾਦਾਰਾਂ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦੀ ਹੋਈ ਫਾਈਨਲ ਪ੍ਰੀਖਿਆ

