ਕਾਰਾਕਸ (ਵੈਨੇਜ਼ੁਏਲਾ), 26 ਜੂਨ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਨੂੰ ਤੁਰੰਤ ਖੋਜ ਅਤੇ ਬਚਾਅ ਟੀਮਾਂ, ਡਾਕਟਰੀ ਸਰੋਤ ਅਤੇ ਮਾਨਵਤਾਵਾਦੀ ਸਹਾਇਤਾ ਭੇਜ ਰਿਹਾ ਹੈ। ਰੂਬੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੀਤੀ ਇੱਕ ਪੋਸਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ।
ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਦੇ ਅਨੁਸਾਰ ਅਮਰੀਕਾ ਤੋਂ ਇਲਾਵਾ ਕਈ ਦੇਸ਼ਾਂ – ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਮੈਕਸੀਕੋ, ਇਕਵਾਡੋਰ, ਬੋਲੀਵੀਆ ਅਤੇ ਹੋਰਾਂ ਨੇ ਵੀ ਵੈਨੇਜ਼ੁਏਲਾ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਕਤਰ ਤੋਂ ਬਚਾਅ ਟੀਮਾਂ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਹਨ, ਜਦੋਂਕਿ ਮੈਕਸੀਕੋ ਅਤੇ ਅਲ ਸੈਲਵਾਡੋਰ ਦੀਆਂ ਟੀਮਾਂ ਵੀ ਆਪਣੇ ਰਸਤੇ ‘ਤੇ ਹਨ। ਬੁੱਧਵਾਰ ਸ਼ਾਮ ਨੂੰ ਆਏ ਸ਼ਕਤੀਸ਼ਾਲੀ ਭੂਚਾਲਾਂ ਦੀ ਇੱਕ ਲੜੀ ਵਿਚ ਹੁਣ ਤੱਕ 589 ਲੋਕ ਮਾਰੇ ਗਏ ਅਤੇ 2900 ਤੋਂ ਵੱਧ ਲੋਕ ਜ਼ਖਮੀ ਹੋਏ। ਰੋਡਰਿਗਜ਼ ਨੇ ਡਰ ਪ੍ਰਗਟ ਕੀਤਾ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ ਅਤੇ 7.2 ਅਤੇ 7.5 ਤੀਬਰਤਾ ਵਾਲੇ ਭੂਚਾਲਾਂ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

