ਵਾਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਵਰਕ ਪਰਮਿਟ ਉੱਤੇ ਕੰਮ ਕਰ ਰਹੇ ਹਜ਼ਾਰਾਂ ਇਮੀਗ੍ਰੈਂਟਾਂ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਦੇ ਵਰਕ ਪਰਮਿਟ ਨਾਲ ਸਬੰਧਤ ਨਿਯਮਾਂ ਵਿਚ ਕੀਤੇ ਗਏ ਬਦਲਾਅ ਕਾਰਨ ਆਉਣ ਵਾਲੇ ਸਮੇਂ ਵਿਚ ਲਗਭਗ 20 ਹਜ਼ਾਰ ਤੋਂ 33 ਹਜ਼ਾਰ ਲੋਕਾਂ ਦੇ ਰੁਜ਼ਗਾਰ ਵਿਚ ਰੁਕਾਵਟ ਆਉਣ ਦਾ ਅਨੁਮਾਨ ਹੈ।
ਇੱਕ ਰਿਪੋਰਟ ਮੁਤਾਬਕ ਇਹ ਮਾਮਲਾ ਇੰਪਲਾਇਮੈਂਟ ਅਥੌਰਾਈਜ਼ੇਸ਼ਨ ਡਾਕੂਮੈਂਟ (ਈ.ਏ.ਡੀ.) ਦੀ ਆਟੋਮੈਟਿਕ ਐਕਸਟੈਂਸ਼ਨ ਨਾਲ ਜੁੜਿਆ ਹੋਇਆ ਹੈ।
ਪਹਿਲਾਂ ਕੁਝ ਯੋਗ ਸ਼੍ਰੇਣੀਆਂ ਦੇ ਲੋਕ ਜੇ ਆਪਣਾ ਵਰਕ ਪਰਮਿਟ ਖ਼ਤਮ ਹੋਣ ਤੋਂ ਪਹਿਲਾਂ ਰੀਨਿਊ ਕਰਵਾਉਣ ਲਈ ਅਰਜ਼ੀ ਦਾਖ਼ਲ ਕਰ ਦਿੰਦੇ ਸਨ, ਤਾਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ 540 ਦਿਨਾਂ ਤੱਕ ਆਟੋਮੈਟਿਕ ਐਕਸਟੈਂਸ਼ਨ ਮਿਲ ਸਕਦੀ ਸੀ। ਪਰ ਨਵੇਂ ਨਿਯਮ ਅਧੀਨ ਕਈ ਸ਼੍ਰੇਣੀਆਂ ਲਈ ਇਹ ਸਹੂਲਤ ਖ਼ਤਮ ਕੀਤੀ ਗਈ ਹੈ।
ਇਸ ਦਾ ਅਸਰ ਐੱਚ-1ਬੀ ਵੀਜ਼ਾ ਧਾਰਕਾਂ ਦੇ ਐੱਚ-4 ਜੀਵਨ ਸਾਥੀਆਂ, ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਕੁਝ ਬਿਨੈਕਾਰਾਂ ਅਤੇ ਅਸਾਇਲਮ ਕੇਸ ਵਾਲੇ ਲੋਕਾਂ ਉੱਤੇ ਪੈ ਸਕਦਾ ਹੈ।
ਜੇ ਕਿਸੇ ਵਿਅਕਤੀ ਦਾ ਮੌਜੂਦਾ ਵਰਕ ਪਰਮਿਟ ਖ਼ਤਮ ਹੋ ਜਾਂਦਾ ਹੈ ਅਤੇ ਨਵਾਂ ਪਰਮਿਟ ਹਾਲੇ ਮਨਜ਼ੂਰ ਨਹੀਂ ਹੁੰਦਾ, ਤਾਂ ਉਸ ਨੂੰ ਅਸਥਾਈ ਤੌਰ ਉੱਤੇ ਕੰਮ ਬੰਦ ਕਰਨਾ ਪੈ ਸਕਦਾ ਹੈ।
ਹਾਲਾਂਕਿ ਇਹ ਨਿਯਮ ਹਰ ਵਰਕ ਪਰਮਿਟ ਧਾਰਕ ਉੱਤੇ ਇੱਕੋ ਤਰ੍ਹਾਂ ਲਾਗੂ ਨਹੀਂ ਹੁੰਦਾ। ਕੁਝ ਸ਼੍ਰੇਣੀਆਂ ਲਈ ਵੱਖਰੇ ਕਾਨੂੰਨੀ ਪ੍ਰਬੰਧ ਅਤੇ ਛੋਟਾਂ ਮੌਜੂਦ ਹਨ। ਸਰਕਾਰੀ ਅਨੁਮਾਨ ਮੁਤਾਬਕ ਮਈ 2027 ਤੋਂ ਸ਼ੁਰੂ ਹੋਣ ਵਾਲੇ 18 ਮਹੀਨਿਆਂ ‘ਚ ਹਜ਼ਾਰਾਂ ਪਰਮਿਟਾਂ ਦੀ ਮਿਆਦ ਖ਼ਤਮ ਹੋਣ ਕਾਰਨ ਰੁਜ਼ਗਾਰ ਪ੍ਰਭਾਵਿਤ ਹੋ ਸਕਦਾ ਹੈ।
ਇਮੀਗ੍ਰੇਸ਼ਨ ਮਾਹਿਰਾਂ ਦੀ ਸਲਾਹ ਹੈ ਕਿ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਅਗਲੇ ਕੁਝ ਮਹੀਨਿਆਂ ‘ਚ ਖ਼ਤਮ ਹੋਣ ਵਾਲੇ ਹਨ, ਉਹ ਆਪਣੀ ਰੀਨਿਊਅਲ ਦੀ ਤਿਆਰੀ ਸਮੇਂ ਸਿਰ ਕਰਨ।
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਿਰਫ਼ ਰੀਨਿਊਅਲ ਅਰਜ਼ੀ ਦੀ ਰਸੀਦ ਮਿਲ ਜਾਣ ਨਾਲ ਹਰ ਮਾਮਲੇ ਵਿਚ ਕੰਮ ਜਾਰੀ ਰੱਖਣ ਦਾ ਅਧਿਕਾਰ ਨਹੀਂ ਮਿਲਦਾ।
ਵਰਕ ਪਰਮਿਟ ਵਾਲਿਆਂ ਲਈ ਵੱਡੀ ਚਿੰਤਾ; ਹਜ਼ਾਰਾਂ ਇਮੀਗ੍ਰੈਂਟਾਂ ਦੀ ਨੌਕਰੀ ਉੱਤੇ ਆ ਸਕਦੈ ਸੰਕਟ!

