-ਭਾਰਤ ਹਵਾਲੇ ਕਰਨ ਦੀ ਤਿਆਰੀ
ਸਰੀ/ਚੰਡੀਗੜ੍ਹ, 28 ਅਕਤੂਬਰ (ਪੰਜਾਬ ਮੇਲ)- 8 ਅਕਤੂਬਰ 2026 ਨੂੰ ਰਾਤ 8:19 ਵਜੇ ਸਰੀ ਪੁਲਿਸ ਸਰਵਿਸ (ਐੱਸ.ਪੀ.ਐੱਸ.) ਦੇ ਅਧਿਕਾਰੀਆਂ ਨੇ ਸਰੀ ਦੇ ਸੈਂਟਰਲ ਐਵੇਨਿਊ ਤੇ 134 ਸਟਰੀਟ ਲਾਗੇ (ਸਰੀ ਡਾਊਨਟਾਊਨ ਵਿਚ) ਇੱਕ ਗੱਡੀ ਨੂੰ ਰੋਕ ਕੇ ਕੀਤੀ ਜਾਂਚ ਦੌਰਾਨ 33 ਸਾਲਾ ਭਾਰਤੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨੂੰ ਗ੍ਰਿਫ਼ਤਾਰ ਕੀਤਾ।
ਸਰੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮੌਕੇ ‘ਤੇ ਗੱਡੀ ਵਿਚ ਸਵਾਰ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਬਾਠ ਨੂੰ ਸੀ.ਬੀ.ਐੱਸ.ਏ. ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਉਹ ਸੀ.ਬੀ.ਐੱਸ.ਏ. ਦੀ ਹਿਰਾਸਤ ਵਿਚ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦੇ ਰਹਿਣ ਵਾਲੇ ਸਤਨਾਮ ਸਿੰਘ ਦੇ 33 ਸਾਲਾ ਪੁੱਤਰ ਅੰਮ੍ਰਿਤਪਾਲ ਬਾਠ ਉਰਫ ਹਰਪ੍ਰੀਤ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਅਤੇ ਅਸਲਾ ਐਕਟ ਤਹਿਤ ਦਰਜ ਮਾਮਲਿਆਂ ਸਮੇਤ ਲਗਪਗ 20 ਅਪਰਾਧਿਕ ਮਾਮਲੇ ਦਰਜ ਹਨ।
ਅੰਮ੍ਰਿਤਪਾਲ ਸਿੰਘ ਬਾਠ, ਜਿਸ ਨੂੰ ਅੰਮ੍ਰਿਤ ਅਤੇ ਹਰਪ੍ਰੀਤ ਸਿੰਘ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ। ਐੱਸ.ਐੱਸ.ਪੀ. ਤਰਨ ਤਾਰਨ ਸੁਰੇਂਦਰ ਲਾਂਬਾ ਨੇ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਉਸ ਨੂੰ ਵਾਪਸ ਲਿਆਉਣ ਲਈ ਦਸਤਾਵੇਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
2025 ਦੀਆਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਬਾਠ ਦਾ ਨਾਮ ਸਿਆਸੀ ਬਿਆਨਾਂ ਅਤੇ ਪੁਲਿਸ ਮਾਮਲਿਆਂ ਕਾਰਨ ਚਰਚਾ ਵਿਚ ਆਇਆ ਸੀ।
ਉਦੋਂ ਅੰਮ੍ਰਿਤਪਾਲ ਬਾਠ ਤੇ ਉਸਦੀ ਪਤਨੀ ਕੰਚਨਪ੍ਰੀਤ ਦਾ ਇੱਕ ਇੰਟਰਵਿਊ ਵੀ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਵਿਚ ਉਸਨੇ ਇਲਾਕੇ ਦੇ ਵਿਧਾਇਕ ਹਰਮੀਤ ਸੰਧੂ ‘ਤੇ ਉਸਨੂੰ ਗੈਂਗਸਟਰ ਬਣਾਉਣ ਦੇ ਦੋਸ਼ ਲਾਏ ਸਨ।
ਭਾਰਤੀ ਗੈਂਗਸਟਰ ਅੰਮ੍ਰਿਤਪਾਲ ਬਾਠ ਸਰੀ ਪੁਲਿਸ ਵਲੋਂ ਗ੍ਰਿਫ਼ਤਾਰ!

