#OTHERS

ਲਾਹੌਰ ਵਿਚ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਐਲਾਨ

-27 ਤੋਂ 29 ਨਵੰਬਰ 2026 ਨੂੰ ਹੋਵੇਗੀ ਕਾਨਫਰੰਸ
ਲਾਹੌਰ, 12 ਅਗਸਤ (ਪੰਜਾਬ ਮੇਲ)- ਲਾਹੌਰ ਵਿਚ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਉਣ ਦਾ ਬਾਜ਼ਾਬਤਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਪੰਜਾਬੀ ਪ੍ਰਚਾਰ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬੀ ਲਹਿਰ ਤੇ ਪੀਲਾਕ (PILAC) ਦੀ ਸਾਂਝ ਨਾਲ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟ ਐਂਡ ਕਲਚਰ ਵਿਚ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਕਾਨਫਰੰਸ ਦੇ ਚੀਫ਼ ਆਰਗੇਨਾਈਜ਼ਰ ਅਹਿਮਦ ਰਜ਼ਾ ਪੰਜਾਬੀ ਹੋਰਾਂ ਦੱਸਿਆ ਕਿ ਇਹ ਤਿੰਨ ਦਿਨਾਂ ਦੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 27 ਤੋਂ 29 ਨਵੰਬਰ 2026 ਤੱਕ ਪੀਲਾਕ, ਲਾਹੌਰ ਵਿਚ ਹੋਵੇਗੀ। ਕਾਨਫਰੰਸ ‘ਚ ਮੁਕਾਮੀ ਮਹਿਮਾਨਾਂ ਦੇ ਨਾਲ-ਨਾਲ ਦੁਨੀਆਂ ਭਰ ਦੇ 9 ਮੁਲਕਾਂ ਤੋਂ 50 ਤੋਂ ਵੱਧ ਸੂਝਵਾਨ, ਲਿਖਾਰੀ, ਸਿਆਸਤਦਾਨ, ਸਾਇੰਸਦਾਨ, ਸਹਾਰਫੀ, ਫ਼ਨਕਾਰ, ਕਾਰੋਬਾਰੀ ਬੰਦੇ ਤੇ ਕਿਸਾਨ ਰਲਣ ਲਈ ਲਾਹੌਰ ਅੱਪੜਨਗੇ। ਕਾਨਫਰੰਸ ਦਾ ਮਕਸਦ ਪੰਜਾਬੀ ਜ਼ੁਬਾਨ ਤੇ ਅਦਬ ਦੇ ਵਧਾਅ ਦੇ ਨਾਲ-ਨਾਲ ਪੰਜਾਬ ਤੇ ਆਲਮੀ ਪੱਧਰ ਉੱਤੇ ਪੰਜਾਬੀਆਂ ਦੇ ਮਸਲਿਆਂ ‘ਤੇ ਗੱਲ ਕਰਨਾ ਤੇ ਉਨ੍ਹਾਂ ਦਾ ਹੱਲ ਲੱਭਣਾ ਹੈ। ਉਨ੍ਹਾਂ ਇਸ ਕਾਨਫਰੰਸ ਦੇ ਪਲੇਟਫਾਰਮ ਤੋਂ ਇਹ ਅਪੀਲ ਵੀ ਕੀਤੀ ਕਿ ਜਿੱਥੇ ਪਾਕਿਸਤਾਨੀ ਪੰਜਾਬ ਅੰਦਰ ਪੰਜਾਬ, ਪੰਜਾਬੀ ਦੀ ਏਕਤਾ ਲਈ ਪੰਜਾਬੀ ਲੋਕਾਈ ਤੇ ਪੰਜਾਬ ਸਰਕਾਰ ਵੱਧ-ਚੜ੍ਹ ਕੇ ਅੱਗੇ ਆਕ, ਨਵੇਂ ਸੂਬਿਆਂ ਦੇ ਜ਼ਹਿਰੀਲੇ ਸ਼ੋਸ਼ੇ ਨੂੰ ਨਾਕਾਮ ਬਣਾਵੇ, ਉੱਥੇ ਅਮਨ ਦੀ ਰਾਹ ‘ਤੇ ਪਾ ਕੇ ਪਾਕਿਸਤਾਨ ਤੇ ਇੰਡੀਆ ਦੇ 15 ਕਰੋੜ ਪੰਜਾਬੀਆਂ ਨੂੰ ਵੀ ਸੌਖਾ ਕੀਤਾ ਜਾਵੇ। ਦੋਵੇਂ ਮੁਲਕ ਜੰਗਾਂ ਦੀ ਥਾਂ ਅਮਨ ਦੀ ਰਾਹ ਅਪਨਾਉਣ, ਵਾਹਗਾ ਬਾਰਡਰ ਤੇ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹ ਕੇ ਆਪਸੀ ਆਵਾਜਾਈ, ਕਲਚਰਲ ਐਕਟੀਵਿਟੀਜ਼ ਤੇ ਵਪਾਰ ਨੂੰ ਸ਼ੁਰੂ ਕੀਤਾ ਜਾਵੇ।
ਇਸ ਮੌਕੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ ਕੋਆਰਡੀਨੇਟਰ ਡਾਕਟਰ ਸ਼ਬਨਮ ਇਸਹਾਕ ਨੇ ਪਹਿਲੀਆਂ ਤਿੰਨਾਂ ਕਾਨਫਰੰਸਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਤੇ ਚੌਥੀ ਕਾਨਫਰੰਸ ਦੇ ਪ੍ਰੋਗਰਾਮਾਂ ਉੱਤੇ ਤਫ਼ਸੀਲੀ ਚਾਨਣ ਪਾਇਆ। ਇਦਾਰਾ ਪੀਲਾਕ ਦੇ ਡਾਇਰੈਕਟਰ ਜਨਰਲ ਮੁਹੰਮਦ ਅਸਲਮ ਸ਼ਾਹਿਦ ਨੇ ਪਿਛਲੀਆਂ ਕਾਨਫਰੰਸਾਂ ਦੀ ਕਾਮਯਾਬੀ ਉੱਤੇ ਪੰਜਾਬੀ ਪ੍ਰਚਾਰ ਤੇ ਪੰਜਾਬੀ ਲਹਿਰ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਅਜ਼ਮ ਨੂੰ ਦੁਹਰਾਇਆ ਕਿ ਪੀਲਾਕ ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਇਸ ਆਲਮੀ ਕਾਨਫਰੰਸ ਨੂੰ ਕਾਮਯਾਬ ਕਰਵਾਉਣ ਲਈ ਹਮੇਸ਼ਾ ਵਾਂਗ ਇਨ੍ਹਾਂ ਪੰਜਾਬੀ ਤੰਜ਼ੀਮਾਂ ਦਾ ਭਰਪੂਰ ਸਾਥ ਦਿੰਦਾ ਰਹੇਗਾ। ਕਾਨਫਰੰਸ ਦੇ ਕਨਵੀਨਰ ਡਾਕਟਰ ਜ਼ਹੀਰ ਵੱਟੂ ਨੇ ਦੱਸਿਆ ਕਿ ਇਸ ਵਾਰੀ ਜ਼ੁਬਾਨ, ਅਦਬ, ਮਾਹੌਲਿਆਤ, ਜ਼ਰਾਅਤ, ਸਿਆਸਤ, ਖੇਡਾਂ ਤੇ ਫ਼ਿਲਮ ਵਰਗੇ ਮੌਜ਼ੂਆਤ ਉੱਤੇ 10 ਮੁਬਾਹਸੇ (ਡਿਸਕਸ਼ਨ ਪੈਨਲ) ਕਰਵਾਏ ਜਾਣਗੇ। ਇਸ ਤੋਂ ਇਲਾਵਾ ਆਲਮੀ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਜ਼ ਦੇ ਰਿਸਰਚ ਪੇਪਰਜ਼ ਵੀ ਪੜ੍ਹੇ ਜਾਣਗੇ। ਕਾਨਫਰੰਸ ਵਿਚ ਉੱਚ ਪੱਧਰ ਦੀਆਂ 6 ਪੰਜਾਬੀ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ। ਸੱਭਿਆਚਾਰਕ ਰੰਗ ਬਰਕਰਾਰ ਰੱਖਣ ਲਈ ਥੀਏਟਰ, ਪੰਜਾਬੀ ਟਾਕਰਾ, ਸ਼ਾਰਟ ਫ਼ਿਲਮ, ਰੀਲਜ਼ ਤੇ ਸਾਇੰਸੀ ਮੁਕਾਬਲਿਆਂ ਦੇ ਨਾਲ-ਨਾਲ ਪਾਕਿਸਤਾਨ ਸਮੇਤ ਦੁਨੀਆਂ ਭਰ ਤੋਂ ਆਏ 9 ਮੰਨੇ-ਪ੍ਰਮੰਨੇ ਗਾਇਕਾਂ ਦੀਆਂ ਲਾਈਵ ਪਰਫ਼ਾਰਮੈਂਸਿਜ਼ ਵੀ ਸ਼ਾਮਲ ਹੋਣਗੀਆਂ। ਪੰਜਾਬ ਧਰਤੀ ‘ਤੇ ਪੰਜਾਬੀ ਬੋਲੀ ਦੀ ਮੁਹੱਬਤ ਵਿਚ ਮਹਿਕਦਾ ਕੌਮੀ ਪੰਜਾਬੀ ਮੁਸ਼ਾਇਰਾ ਵੀ ਕਾਨਫਰੰਸ ਦਾ ਖ਼ਾਸ ਹਿੱਸਾ ਬਣੇਗਾ। ਕਾਨਫਰੰਸ ਦੇ ਅਖੀਰ ‘ਤੇ ਪਾਕਿਸਤਾਨ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂ.ਕੇ., ਨਿਊਜ਼ੀਲੈਂਡ ਤੇ ਯੂ.ਏ.ਈ. ਦੀਆਂ 16 ਨਾਮਵਰ ਹਸਤੀਆਂ ਨੂੰ ਐਵਾਰਡਾਂ ਨਾਲ ਨਿਵਾਜ਼ਿਆ ਜਾਵੇਗਾ।
ਪ੍ਰੈੱਸ ਕਾਨਫਰੰਸ ਵਿਚ ਬਾਬਾ ਨਜ਼ਮੀ, ਮੁਦੱਸਰ ਇਕਬਾਲ ਬੱਟ, ਜਮੀਲ ਅਹਿਮਦ ਪਾਲ, ਦੀਪ ਸਈਦਾ, ਡਾਕਟਰ ਕੰਵਲ ਖਾਲਿਦ, ਨੈਨ ਸੁੱਖ, ਰਿਆਜ਼ ਅਹਿਮਦ ਟੋਟੋ, ਅਫ਼ਜ਼ਲ ਸਾਹਿਰ, ਜ਼ੁਬੇਰ ਅਹਿਮਦ, ਮੁਹੰਮਦ ਆਸਿਮ ਚੌਧਰੀ, ਸ਼ਫ਼ਾਅਤ ਅੱਬਾਸ ਬਲੋਚ, ਮੀਆਂ ਸਰਫ਼ਰਾਜ਼ ਅਲੀ, ਆਮਿਰ ਯੂਸਫ਼, ਮਾਸਟਰ ਫ਼ਹੀਮ, ਸ਼ਹਿਜ਼ਾਦ ਜੋਈਆ, ਹਾਫ਼ਿਜ਼ ਜ਼ਵਾਰ ਵਿਰਕ, ਇਕਰਾ ਪ੍ਰੀਤ, ਨਾਸਿਰ ਅਦੀਬ, ਡਾਕਟਰ ਸ਼ੁਮਾਇਲਾ ਹੁਸੈਨ, ਰਾਣਾ ਅਬਦੁਲ ਮਜੀਦ ਖਾਂ, ਅੰਜਮ ਗਿੱਲ, ਬਾਬਰ ਜਾਲੰਧਰੀ, ਤਾਰਿਕ ਤਨਵੀਰ, ਵਹੀਦ ਅਕਰਮ, ਰਾਏ ਸਲਾਹ ਉੱਦ ਦੀਨ, ਜੀ ਏ ਨਜਮ, ਅਹਿਮਦ ਇਕਬਾਲ ਬਜ਼ਮੀ, ਅਮੀਨ ਚੌਹਾਨ, ਜ਼ਾਹਿਰ ਭੱਟੀ, ਇਕਬਾਲ ਸ਼ਾਹਿਦ, ਹੰਮਾਦ ਅਹਿਮਦ, ਰਾਣਾ ਉਮਰ ਹੁਸ਼ਿਆਰਪੁਰੀਆ, ਜ਼ੀਸ਼ਾਨ ਵੱਟੂ, ਜਾਵੇਦ ਖ਼ਾਲਿਕ, ਵਕਾਸ ਗਰੇਵਾਲ, ਹਸਨ ਭੱਟੀ, ਮਤੀਨ ਸਈਦ, ਸਈਦ ਅਖ਼ਤਰ, ਯੂਸਫ਼ ਪੰਜਾਬੀ, ਇਕਰਾਮ ਜੱਲਾ, ਅਲੀ ਬਾਬਰ ਬੱਟ, ਫ਼ੈਸਲ ਅਲੀ ਜਾਬਰ, ਜ਼ੈਨ ਬਾਜਵਾ, ਆਂਸਾ ਖ਼ਾਨਮ ਸ਼ਹਿਜ਼ਾਦੀ, ਐਮਨ ਚਾਗ਼ੀ, ਅਬਦੁਲ ਕਦੀਰ ਅਮਜਦ, ਨਿਸਾਰ ਅਹਿਮਦ, ਆਮਿਰ ਚਿਸ਼ਤੀ, ਸੈਫ਼ ਵੱਟੂ, ਗ਼ਜ਼ਾਲਾ ਨਿਜ਼ਾਮ ਉੱਦ ਦੀਨ, ਡੀਅਰ ਕਾਸ਼ੀ, ਚੌਧਰੀ ਸ਼ਾਨੀ ਜੱਟ, ਮੁਬੱਸ਼ਿਰ ਅਲੀ, ਅਹਿਸਨ ਨਿਆਜ਼ ਸਮੇਤ ਲਹੌਰ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਅਦਬੀ ਤੇ ਸੱਭਿਆਚਾਰਕ ਹਸਤੀਆਂ ਨੇ ਵੱਡੀ ਗਿਣਤੀ ਵਿਚ ਸ਼ਰਕਤ ਕੀਤੀ ਤੇ ਕਾਨਫਰੰਸ ਨੂੰ ਹੋਰ ਸੋਹਣਾ ਬਣਾਉਣ ਲਈ ਆਪਣੀਆਂ ਕੀਮਤੀ ਸਲਾਹਵਾਂ ਪੇਸ਼ ਕੀਤੀਆਂ।