ਮਾਸਕੋ, 2 ਜੁਲਾਈ (ਪੰਜਾਬ ਮੇਲ)- ਮਿਡਲ ਈਸਟ ਦੀ ਜੰਗ ਖ਼ਤਮ ਹੋਣ ਤੋਂ ਬਾਅਦ ਰੂਸ-ਯੂਕਰੇਨ ਵਿਚਾਲੇ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਇਸੇ ਦੌਰਾਨ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰਾਤ ਭਰ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਿਆਨਕ ਹਮਲੇ ਕੀਤੇ। ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਹਮਲੇ ਇੰਨੇ ਭਿਆਨਕ ਸੀ ਕਿ ਕਈ ਘੰਟਿਆਂ ਤੱਕ ਪੂਰਾ ਸ਼ਹਿਰ ਗੂੰਜਦਾ ਰਿਹਾ ਅਤੇ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਸ ਹਮਲੇ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮਗਰੋਂ ਹਜ਼ਾਰਾਂ ਲੋਕ ਆਪਣੀ ਜਾਨ ਬਚਾਉਣ ਲਈ ਮੈਟਰੋ ਸਟੇਸ਼ਨਾਂ ਦੇ ਅੰਦਰ ਪਨਾਹ ਲੈ ਰਹੇ ਹਨ। ਕੀਵ ਦੇ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤਿਮੂਰ ਤਕਾਚੈਂਕੋ ਮੁਤਾਬਕ, ਹਮਲੇ ਕਾਰਨ ਰਿਹਾਇਸ਼ੀ ਇਮਾਰਤਾਂ ਸਮੇਤ 28 ਵੱਖ-ਵੱਖ ਥਾਵਾਂ ‘ਤੇ ਭਾਰੀ ਨੁਕਸਾਨ ਹੋਇਆ ਹੈ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਦਾਰਨਿਤਸਕੀ ਜ਼ਿਲ੍ਹੇ ਵਿਚ ਇੱਕ 9 ਮੰਜ਼ਿਲਾ ਇਮਾਰਤ ਦੇ 6 ਫਲੋਰ ਪੂਰੀ ਤਰ੍ਹਾਂ ਢਹਿ ਗਏ। ਹੋਲੋਸੀਵਸਕੀ ਜ਼ਿਲ੍ਹੇ ਵਿਚ 16 ਮੰਜ਼ਿਲਾ ਇਮਾਰਤ ਦੀ ਛੱਤ ਨੂੰ ਅੱਗ ਲੱਗ ਗਈ ਅਤੇ ਦੇਸਨਿਆਂਸਕੀ ਜ਼ਿਲ੍ਹੇ ਵਿਚ 9 ਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਕਈ ਲੋਕ ਫਸ ਗਏ, ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਰੂਸ ਨੇ ਕੀਵ ‘ਤੇ ਆਪਣੇ ਹਮਲੇ ਬਹੁਤ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ, ਯੂਕਰੇਨ ਵੀ ਰੂਸ ਦੇ ਅੰਦਰੂਨੀ ਫ਼ੌਜੀ ਟਿਕਾਣਿਆਂ ਅਤੇ ਊਰਜਾ ਪਲਾਂਟਾਂ ‘ਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ ਹੈ, ਜਿਸ ਕਾਰਨ ਰੂਸ ਦੇ ਅੰਦਰ ਈਂਧਨ ਦੀ ਕਮੀ ਹੋ ਗਈ ਹੈ ਅਤੇ ਉਸ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਜੇਕਰ ਇਹੀ ਹਾਲਾਤ ਬਣੇ ਰਹੇ, ਤਾਂ ਰੂਸ ਤੋਂ ਭਾਰਤ ਨੂੰ ਆਉਣ ਵਾਲੀ ਤੇਲ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਮਿਡਲ ਈਸਟ ਜੰਗ ਖ਼ਤਮ ਹੋਣ ਮਗਰੋਂ ਰੂਸ-ਯੂਕਰੇਨ ਵਿਚਾਲੇ ਜੰਗ ਹੋਈ ਤੇਜ਼!

