#AMERICA

ਅਮਰੀਕਾ ਨੇ ਸੁਪਰਸੋਨਿਕ ਜਹਾਜ਼ਾਂ ‘ਤੇ 5 ਦਹਾਕੇ ਤੋਂ ਵੱਧ ਪੁਰਾਣੀ ਪਾਬੰਦੀ ਹਟਾਉਣ ਵੱਲ ਚੁੱਕਿਆ ਕਦਮ

-ਸੁਪਰਸੋਨਿਕ ਉਡਾਣਾਂ ਦੀ ਵਾਪਸੀ ਦੀ ਤਿਆਰੀ
ਵਾਸ਼ਿੰਗਟਨ, 2 ਜੁਲਾਈ (ਪੰਜਾਬ ਮੇਲ)- ਅਮਰੀਕਾ ਧੁਨੀ ਦੀ ਗਤੀ ਨਾਲ ਤੇਜ਼ ਉਡਾਣ ਭਰਨ ਵਾਲੇ ਸੁਪਰਸੋਨਿਕ ਜਹਾਜ਼ਾਂ ‘ਤੇ ਪੰਜ ਦਹਾਕੇ ਤੋਂ ਵੱਧ ਪੁਰਾਣੀ ਪਾਬੰਦੀ ਹਟਾਉਣ ਵੱਲ ਕਦਮ ਚੁੱਕ ਰਿਹਾ ਹੈ। ਇਸ ਲਈ ਨਵੇਂ ਨਿਯਮ ਪ੍ਰਸਤਾਵਿਤ ਕੀਤੇ ਗਏ ਹਨ, ਜਿਸ ਵਿਚ ਅਜਿਹੇ ਜਹਾਜ਼ਾਂ ਦੇ ਸੰਚਾਲਨ ਲਈ ਧੁਨੀ-ਆਧਾਪਰਤ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਦੁਆਰਾ ਪ੍ਰਯੋਗਾਤਮਕ ਐਕਸ-59 ਜਹਾਜ਼ ਦਾ ਸਫਲਤਾਪੂਰਵਕ ਟੈਸਟ ਕਰਨ ਤੋਂ ਬਾਅਦ ਅਮਰੀਕੀ ਆਵਾਜਾਈ ਵਿਭਾਗ ਨੇ ਮੰਗਲਵਾਰ ਨੂੰ ਇਹ ਪਹਿਲ ਕੀਤੀ। ਨਾਸਾ ਦੇ ਇਸ ਜਹਾਜ਼ ਨੇ ਬਿਨਾਂ ਸੋਨਿਕ ਬੂਮ ਪੈਦਾ ਕੀਤੇ ਉਡਾਣ ਦੀ ਗਤੀ ਦਾ ਪ੍ਰਦਰਸ਼ਨ ਕੀਤਾ।
ਸੁਪਰਸੋਨਿਕ ਉਡਾਣਾਂ ਦੌਰਾਨ ਪੈਦਾ ਹੋਣ ਵਾਲਾ ਧੁਨੀ ਵਿਸਫੋਟ ਆਮ ਤੌਰ ‘ਤੇ ਬਹੁਤ ਉੱਚਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਹੋ ਸਕਦਾ ਹੈ। ਯੂ.ਐੱਸ. ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਦੁਆਰਾ ਪ੍ਰਸਤਾਵਿਤ ਨਿਯਮ ਦਾ ਉਦੇਸ਼ 1973 ਤੋਂ ਲਾਗੂ ਸੁਪਰਸੋਨਿਕ ਉਡਾਣਾਂ ‘ਤੇ ਪਾਬੰਦੀ ਨੂੰ ਵੱਧ ਤੋਂ ਵੱਧ ਆਵਾਜ਼ ਸੀਮਾ ‘ਤੇ ਆਧਾਰਿਤ ਇੱਕ ਨਵੇਂ ਨਿਯਮ ਨਾਲ ਬਦਲਣਾ ਹੈ। ਪ੍ਰਸਤਾਵ ਦੇ ਅਨੁਸਾਰ ਜਹਾਜ਼ਾਂ ਨੂੰ ਜ਼ਮੀਨ ਉੱਤੇ ਮਾਕ 1 (ਆਵਾਜ਼ ਦੀ ਗਤੀ, ਲਗਭਗ 767 ਮੀਲ ਪ੍ਰਤੀ ਘੰਟਾ) ਤੋਂ ਵੱਧ ਗਤੀ ਨਾਲ ਉੱਡਣ ਦੀ ਆਗਿਆ ਹੋਵੇਗੀ, ਬਸ਼ਰਤੇ ਉਨ੍ਹਾਂ ਦੀ ਉਡਾਣ ਦੁਆਰਾ ਪੈਦਾ ਹੋਣ ਵਾਲਾ ਸ਼ੋਰ ਨਿਰਧਾਰਤ ਸੀਮਾਵਾਂ ਤੋਂ ਵੱਧ ਨਾ ਹੋਵੇ। ਐੱਫ.ਏ.ਏ. ਵੱਲੋਂ ਇਸ ਸਾਲ ਦੇ ਅੰਤ ਵਿਚ ਇੱਕ ਹੋਰ ਨਿਯਮ ਪ੍ਰਸਤਾਵਿਤ ਕਰਨ ਦੀ ਉਮੀਦ ਹੈ, ਜਿਸ ਵਿਚ ਸੁਪਰਸੋਨਿਕ ਜਹਾਜ਼ਾਂ ਦੇ ਟੇਕਆਫ ਅਤੇ ਲੈਂਡਿੰਗ ਦੌਰਾਨ ਪੈਦਾ ਹੋਣ ਵਾਲੇ ਸ਼ੋਰ ਲਈ ਮਾਪਦੰਡ ਨਿਰਧਾਰਤ ਕੀਤੇ ਜਾਣਗੇ। ਦੋਵੇਂ ਨਿਯਮਾਂ ਨੂੰ 2027 ਦੇ ਅੱਧ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।