#AMERICA

ਅਮਰੀਕਾ ‘ਚ ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਓਹਾਇਓ 2 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਇੱਕ ਹੋਟਲ (ਇਕੋਨੋ ਲਾਜ) ‘ਚ ਭਿਆਨਕ ਅੱਗ ਲੱਗਣ ਨਾਲ ਇੱਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਤੇਸ਼ਭਾਈ ਸੁਥਾਰ, ਪਤਨੀ ਹਿਨਾਬੇਨ ਸੁਥਾਰ ਤੇ ਉਨ੍ਹਾਂ ਦੀ 20 ਸਾਲਾ ਧੀ ਈਸ਼ਾਨੀ ਵਜੋਂ ਹੋਈ ਹੈ। ਇਹ ਪਰਿਵਾਰ ਮੂਲ ਰੂਪ ਵਿਚ ਗੁਜਰਾਤ ਦੇ ਨਾਡੀਆਦ ਦਾ ਰਹਿਣ ਵਾਲਾ ਸੀ ਤੇ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਦੇ ਵੂਸਟਰ ਵਿਚ ਵਸ ਗਿਆ ਸੀ। ਹਿਤੇਸ਼ਭਾਈ ਸਥਾਨਕ ਈਕੋਨੋ ਲਾਜ ਮੋਟਲ ਵਿਚ ਕੰਮ ਕਰਦਾ ਸੀ ਤੇ ਪਰਿਵਾਰ ਉੱਥੇ ਹੀ ਰਹਿ ਰਿਹਾ ਸੀ।
ਰਿਪੋਰਟਾਂ ਅਨੁਸਾਰ ਅੱਗ ਲਗਭਗ 1:30 ਵਜੇ ਲੱਗੀ। ਅੱਗ ਫੈਲਣ ਤੋਂ ਬਾਅਦ ਪਰਿਵਾਰ ਨੇ ਮਦਦ ਲਈ ਮੋਟਲ ਦੇ ਫਰੰਟ ਡੈਸਕ ਨੂੰ ਬੁਲਾਇਆ। ਉਨ੍ਹਾਂ ਨੂੰ ਬਾਥਰੂਮ ਜਾਣ, ਪਾਣੀ ਚਾਲੂ ਕਰਨ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਗਈ। ਪਰਿਵਾਰ ਨੇ ਆਪਣੇ ਆਪ ਨੂੰ ਬਾਥਰੂਮ ਵਿਚ ਬੰਦ ਕਰ ਲਿਆ ਪਰ ਅੱਗ ਅਤੇ ਧੂੰਏਂ ਕਾਰਨ ਦਮ ਘੁੱਟ ਗਿਆ। ਜਦੋਂ ਤੱਕ ਫਾਇਰਫਾਈਟਰ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਿੰਨਾਂ ਦੀ ਮੌਤ ਹੋ ਗਈ ਸੀ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਫਾਇਰ ਵਿਭਾਗ ਨੇ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਬਾਅਦ ਵਿਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਵਿੱਚ ਕੋਈ ਹੋਰ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਘਟਨਾ ਦੀ ਵਿਸਥਾਰਤ ਜਾਂਚ ਕਰ ਰਹੀਆਂ ਹਨ।