ਵਿਨੀਪੈੱਗ, 5 ਜੂਨ (ਪੰਜਾਬ ਮੇਲ)- ਕੈਨੇਡਾ ਦੇ ਮੈਟਰੋ ਸ਼ਹਿਰ ਵੈਨਕੂਵਰ ਦੇ ਪ੍ਰਸਿੱਧ ਸਕੀ ਰਿਜ਼ੋਰਟ ਗਰਾਊਸ ਮਾਊਂਟੇਨ ਨੇ 2026 ਫੀਫਾ ਵਿਸ਼ਵ ਕੱਪ ਮੌਕੇ ਕੈਨੇਡਾ ਦੀ ਕੌਮੀ ਟੀਮ ਪ੍ਰਤੀ ਆਪਣਾ ਸਮਰਥਨ ਜਤਾਉਣ ਲਈ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਹੈ। ਹਾਲਾਂਕਿ ਇਸ ਪ੍ਰਦਰਸ਼ਨ ਨੂੰ ਲੈ ਕੇ ਕੌਮੀ ਝੰਡੇ ਸਬੰਧੀ ਸਰਕਾਰੀ ਪ੍ਰੋਟੋਕਾਲ ਦੀ ਉਲੰਘਣਾ ਦੇ ਸਵਾਲ ਵੀ ਉੱਠਣ ਲੱਗੇ ਹਨ।
ਇਹ ਝੰਡਾ ਵੈਨਕੂਵਰ ਸ਼ਹਿਰ ਅਤੇ ਬਰਾਰਡ ਇਨਲੈਟ ਦੇ ਕਈ ਹਿੱਸਿਆਂ ਤੋਂ ਸਾਫ਼ ਨਜ਼ਰ ਆਉਂਦਾ ਹੈ। ਰਿਜ਼ੋਰਟ ਦੇ ਸੀਨੀਅਰ ਮਾਰਕੀਟਿੰਗ ਡਾਇਰੈਕਟਰ ਐਡਮ ਰੂਟਮੈਨ ਨੇ ਕਿਹਾ ਕਿ ਵਿਸ਼ਵ ਕੱਪ ਦੌਰਾਨ ਆਉਣ ਵਾਲੇ ਅੰਤਰਰਾਸ਼ਟਰੀ ਮਹਿਮਾਨਾਂ ਦੇ ਸਵਾਗਤ ਲਈ ਕੈਨੇਡਾ ਦੀ ਟੀਮ ਪ੍ਰਤੀ ਸਮਰਥਨ ਇੱਕ ਯਾਦਗਾਰ ਢੰਗ ਨਾਲ ਦਰਸਾਉਣ ਦਾ ਇਹ ਉਪਰਾਲਾ ਕੀਤਾ ਗਿਆ ਹੈ।
ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ ਬਲਾਸਟ ਮੀਡੀਆ ਪ੍ਰਿੰਟ ਵੱਲੋਂ ਤਿਆਰ ਕੀਤੇ ਗਏ ਇਸ ਝੰਡੇ ਦੀ ਲੰਬਾਈ 160 ਮੀਟਰ ਅਤੇ ਚੌੜਾਈ 80 ਮੀਟਰ ਹੈ, ਜੋ ਲਗਪਗ ਦੋ ਫੁੱਟਬਾਲ ਮੈਦਾਨਾਂ ਦੇ ਬਰਾਬਰ ਬਣਦੀ ਹੈ। ਉਨ੍ਹਾਂ ਮੁਤਾਬਿਕ ਇਹ ਝੰਡਾ ਖਾਸ ਕੱਪੜੇ ਨਾਲ ਤਿਆਰ ਕੀਤਾ ਗਏ ਹੈ, ਜਿਸ ਦਾ ਭਾਰ 1,500 ਕਿੱਲੋਗਰਾਮ ਤੋਂ ਵੱਧ ਹੈ ਅਤੇ ਇਸ ਨੂੰ ਪਹਾੜੀ ਢਲਾਣ ਉੱਤੇ ਵਿਛਾਉਣ ਲਈ 100 ਤੋਂ ਵੱਧ ਲੋਕਾਂ ਦੀ ਮਦਦ ਲਈ ਗਈ।
ਹਾਲਾਂਕਿ ਵਿਵਾਦ ਇਸ ਗੱਲ ਨੂੰ ਲੈ ਕੇ ਖੜ੍ਹਾ ਹੋਇਆ ਹੈ ਕਿ ਕੈਨੇਡਾ ਸਰਕਾਰ ਦੇ ਝੰਡਾ-ਪ੍ਰੋਟੋਕਾਲ ਅਨੁਸਾਰ ਰਾਸ਼ਟਰੀ ਝੰਡੇ ਨੂੰ ਕਦੇ ਵੀ ਜ਼ਮੀਨ ਨੂੰ ਨਹੀਂ ਛੂਹਣਾ ਚਾਹੀਦਾ। ਇਸ ਤੋਂ ਇਲਾਵਾ ਕੁਝ ਨਿਰੀਖਕਾਂ ਦਾ ਕਹਿਣਾ ਹੈ ਕਿ ਝੰਡੇ ਦੀ ਦਿਸ਼ਾ ਵੀ ਨਿਯਮਾਂ ਅਨੁਸਾਰ ਨਹੀਂ ਹੈ, ਕਿਉਂਕਿ ਲੰਬਕਾਰੀ ਪ੍ਰਦਰਸ਼ਨ ਸਮੇਂ ਮੇਪਲ ਪੱਤਾ ਖੱਬੇ ਪਾਸੇ ਹੋਣਾ ਚਾਹੀਦਾ ਹੈ।
ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਐਡਮ ਰੂਟਮੈਨ ਨੇ ਕਿਹਾ ਕਿ ਉਨ੍ਹਾਂ ਦੀ ਸਮਝ ਅਨੁਸਾਰ ਇਸ ਤਰੀਕੇ ਨਾਲ ਝੰਡਾ ਪ੍ਰਦਰਸ਼ਿਤ ਕਰਨਾ ਸਵੀਕਾਰ ਯੋਗ ਹੈ। ਉਨ੍ਹਾਂ ਕਿਹਾ ਕਿ ਮਕਸਦ ਦੇਸ਼-ਭਗਤੀ ਦੀ ਭਾਵਨਾ ਨੂੰ ਪ੍ਰਗਟ ਕਰਨਾ ਅਤੇ ਕੈਨੇਡਾ ਦੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਝੰਡੇ ਦੀ ਸਥਾਪਨਾ ਦੌਰਾਨ ਕਿਸੇ ਵੀ ਦਰੱਖਤ ਨੂੰ ਨਹੀਂ ਕੱਟਿਆ ਗਿਆ ਅਤੇ ਇਸ ਮੁਹਿੰਮ ਨੂੰ ਡੈਸਟੀਨੇਸ਼ਨ ਵੈਨਕੂਵਰ ਅਤੇ ਡੈਸਟੀਨੇਸ਼ਨ ਬੀ.ਸੀ. ਵਰਗੀਆਂ ਸੈਰ-ਸਪਾਟਾ ਸੰਸਥਾਵਾਂ ਦਾ ਵੀ ਸਹਿਯੋਗ ਪ੍ਰਾਪਤ ਹੈ।
ਜ਼ਿਕਰਯੋਗ ਹੈ ਕਿ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿਚ 13 ਜੂਨ ਤੋਂ ਫੀਫਾ ਵਿਸ਼ਵ ਕੱਪ ਦੇ ਮੈਚ ਸ਼ੁਰੂ ਹੋਣ ਜਾ ਰਹੇ ਹਨ। ਟੂਰਨਾਮੈਂਟ ਦੌਰਾਨ ਇੱਥੇ ਕੁੱਲ ਸੱਤ ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ ਕੈਨੇਡਾ ਦੇ ਦੋ ਗਰੁੱਪ ਮੈਚ ਵੀ ਸ਼ਾਮਲ ਹਨ।
ਗਰਾਊਸ ਮਾਊਂਟੇਨ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਹ ਪਹਾੜ ਉੱਤੇ ਪ੍ਰਦਰਸ਼ਿਤ ਕੀਤਾ ਗਿਆ ਦੁਨੀਆਂ ਦਾ ਸਭ ਤੋਂ ਵੱਡਾ ਝੰਡਾ ਹੈ ਅਤੇ ਇਸ ਸਬੰਧੀ ਗਿਨੀਜ਼ ਵਰਲਡ ਰਿਕਾਰਡ ਵੱਲੋਂ ਪ੍ਰਮਾਣੀਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ਵਿਚ ਹੈ। ਹਾਲਾਂਕਿ ਗਿੰਨੀਜ਼ ਵਰਲਡ ਰਿਕਾਰਡਜ਼ ਵੱਲੋਂ ਝੰਡੇ ਨੂੰ ਅਜੇ ਤੱਕ ਅਧਿਕਾਰਤ ਤੌਰ ‘ਤੇ ਮਾਨਤਾ ਨਹੀਂ ਦਿੱਤੀ ਗਈ ਹੈ, ਫ਼ੈਸਲਾ ਚੱਲ ਰਿਹਾ ਹੈ, ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਪਹਾੜ ‘ਤੇ ਪ੍ਰਦਰਸ਼ਿਤ ਦੁਨੀਆਂ ਦੇ ਸਭ ਤੋਂ ਵੱਡੇ ਕੈਨੇਡੀਅਨ ਝੰਡੇ ਵਜੋਂ ਪੁਸ਼ਟੀ ਕੀਤੀ ਜਾਵੇਗੀ।
ਗਿਨੀਜ਼ ਵਰਲਡ ਰਿਕਾਰਡਜ਼ ਅਨੁਸਾਰ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਦਾ ਰਿਕਾਰਡ ਕਤਰ ਦੇ ਝੰਡੇ ਦੇ ਨਾਮ ਹੈ, ਜਿਸ ਦਾ ਆਕਾਰ ਲਗਪਗ 510 ਮੀਟਰ ਲੰਬਾ ਅਤੇ 200 ਮੀਟਰ ਚੌੜਾ ਹੈ। ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਦੇ ਨਾਮ ਸਭ ਤੋਂ ਛੋਟੇ ਰਾਸ਼ਟਰੀ ਝੰਡੇ ਦਾ ਵਿਸ਼ਵ ਰਿਕਾਰਡ ਵੀ ਦਰਜ ਹੈ। 2016 ਵਿਚ ਓਨਟਾਰੀਓ ਦੇ ਵਾਟਰ ਲੂ ਸਥਿਤ ਇੰਸਟੀਚਿਊਟ ਫ਼ਾਰ ਕੁਆਂਟਮ ਕੰਪਿਊਟਿੰਗ ਨੇ ਸਿਲੀਕਾਨ ਵੇਫਰ ਉੱਤੇ ਸਿਰਫ਼ 0.697 ਵਰਗ ਮਾਈਕ੍ਰੋਮੀਟਰ ਖੇਤਰਫਲ਼ ਵਾਲਾ ਕੈਨੇਡੀਅਨ ਝੰਡਾ ਉਕੇਰਿਆ ਸੀ, ਜੋ ਮਨੁੱਖੀ ਵਾਲ ਦੀ ਚੌੜਾਈ ਦੇ ਲਗਪਗ ਸੌਵੇਂ ਹਿੱਸੇ ਦੇ ਬਰਾਬਰ ਸੀ।
ਫੀਫਾ ਵਿਸ਼ਵ ਕੱਪ : ਵਿਸ਼ਵ ਕੱਪ ਤੋਂ ਪਹਿਲਾਂ ਵੈਨਕੂਵਰ ‘ਚ ਕੈਨੇਡਾ ਦਾ ਸਭ ਤੋਂ ਵੱਡਾ ਝੰਡਾ ਲਹਿਰਾਇਆ

