#CANADA

ਪੰਜਾਬਣ ਵੱਲੋਂ ਕੈਨੇਡਾ ਪੁਲਿਸ ‘ਤੇ 80 ਮਿਲੀਅਨ ਕੈਨੇਡੀਅਨ ਡਾਲਰ ਦਾ ਮੁਕੱਦਮਾ

-ਹਮਲਾਵਰਾਂ ਨੇ ਮਾਪਿਆਂ ਦਾ ਕੀਤਾ ਸੀ ਕਤਲ, ਧੀ ਨੂੰ ਲੱਗੀਆਂ ਸਨ 13 ਗੋਲੀਆਂ
ਵਿਨੀਪੈਗ, 22 ਮਈ (ਪੰਜਾਬ ਮੇਲ)- ਕੈਨੇਡਾ ‘ਚ ਰਹਿ ਰਹੀ ਇੱਕ ਪੰਜਾਬੀ ਮੁਟਿਆਰ ਜਸਪ੍ਰੀਤ ਕੌਰ ਸਿੱਧੂ (31) ਨੇ ਕੈਨੇਡਾ ਪੁਲਿਸ ਵਿਰੁੱਧ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ 80 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 558.4 ਕਰੋੜ ਰੁਪਏ) ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਜਸਪ੍ਰੀਤ ਦਾ ਦੋਸ਼ ਹੈ ਕਿ ਪੁਲਿਸ ਦੀ ਅਣਗਹਿਲੀ ਕਾਰਨ ਉਸ ਦੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਹ ਖ਼ੁਦ ਵੀ ਮੌਤ ਦੇ ਮੂੰਹੋਂ ਵਾਪਸ ਆਈ ਹੈ।
ਮਾਰੇ ਗਏ ਇੱਕ ਬਜ਼ੁਰਗ ਪੰਜਾਬੀ ਜੋੜੇ ਦੇ ਬੱਚਿਆਂ ਨੇ ਕੈਨੇਡੀਅਨ ਪੁਲਿਸ ਦੀ ਵੱਡੀ ਲਾਪ੍ਰਵਾਹੀ ਖ਼ਿਲਾਫ਼ ਅਦਾਲਤ ਵਿਚ ਕਰੋੜਾਂ ਰੁਪਏ ਦਾ ਕੇਸ ਦਰਜ ਕਰਵਾਇਆ ਹੈ। ਪੰਜਾਬੀ ਮੂਲ ਦੇ ਭਰਾ-ਭੈਣ ਨੇ ਪੀਲ ਰਿਜਨਲ ਪੁਲਿਸ (ਪੀ.ਆਰ.ਪੀ.) ਵਿਰੁੱਧ 80 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 558.4 ਕਰੋੜ ਰੁਪਏ) ਦੇ ਹਰਜਾਨੇ ਦੀ ਮੰਗ ਕੀਤੀ ਹੈ। ਇਹ ਮੁਕੱਦਮਾ ਉਨ੍ਹਾਂ ਦੇ ਵਕੀਲ ਫਰੈਡਰਿਕ ਸ਼ੂਮੈਨ ਰਾਹੀਂ ਦਾਇਰ ਕੀਤਾ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਸੰਭਾਵੀ ਖ਼ਤਰੇ ਬਾਰੇ ਪਤਾ ਸੀ, ਪਰ ਉਨ੍ਹਾਂ ਨੇ ਪਰਿਵਾਰ ਨੂੰ ਅਲਰਟ ਨਹੀਂ ਕੀਤਾ।
ਇਹ ਦਰਦਨਾਕ ਘਟਨਾ 20 ਨਵੰਬਰ 2023 ਦੀ ਹੈ। ਜਗਤਾਰ ਸਿੱਧੂ ਅਤੇ ਹਰਭਜਨ ਸਿੱਧੂ, ਜੋ ਪੰਜਾਬ ਤੋਂ ਕੈਨੇਡਾ ਦੇ ਓਨਟਾਰੀਓ ਵਿਚ ਰਹਿੰਦੇ ਆਪਣੇ ਬੱਚਿਆਂ ਜਸਪ੍ਰੀਤ ਕੌਰ ਸਿੱਧੂ (31) ਅਤੇ ਗੁਰਦਿੱਤ ਸਿੱਧੂ (29) ਨੂੰ ਮਿਲਣ ਆਏ ਸਨ, ਦੀ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੂੰ ਮੌਕੇ ਤੋਂ ਜਗਤਾਰ ਸਿੱਧੂ ਦੀ ਲਾਸ਼ ਮਿਲੀ, ਜਦੋਂ ਕਿ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਹਮਲੇ ਵਿਚ ਉਨ੍ਹਾਂ ਦੀ ਧੀ ਜਸਪ੍ਰੀਤ ਕੌਰ ਸਿੱਧੂ ਨੂੰ 13 ਗੋਲੀਆਂ ਮਾਰੀਆਂ ਗਈਆਂ, ਪਰ ਉਹ ਚਮਤਕਾਰੀ ਢੰਗ ਨਾਲ ਬਚ ਗਈ। ਹਸਪਤਾਲ ਵਿਚ ਆਪਣੀ ਹਾਲਤ ਬਾਰੇ ਦੱਸਦਿਆਂ ਜਸਪ੍ਰੀਤ ਨੇ ਰੋਂਦੇ ਹੋਏ ਕਿਹਾ, ”ਮੈਨੂੰ ਯਾਦ ਹੈ ਉਸ ਰਾਤ ਮੇਰੇ ਮਾਪਿਆਂ ਦਾ ਮੇਰੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਮੇਰੇ ਪਿਤਾ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਗਈ ਅਤੇ ਮੈਂ ਆਪਣੀ ਮਾਂ ਦੀਆਂ ਆਖ਼ਰੀ ਚੀਕਾਂ ਸੁਣੀਆਂ। ਉਸ ਤੋਂ ਬਾਅਦ ਸਿਰਫ਼ ਗੋਲੀਬਾਰੀ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ।”
ਜਸਪ੍ਰੀਤ ਕੌਰ ਨੂੰ ਮੋਢੇ ਤੋਂ ਲੈ ਕੇ ਪੈਰਾਂ ਤੱਕ ਵਾਰ-ਵਾਰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ 18 ਘੰਟੇ ਲੰਮਾ ਅਪਰੇਸ਼ਨ ਕਰਨਾ ਪਿਆ। ਗਰਦਨ ਅਤੇ ਪੇਟ ਵਿਚ ਗੋਲੀ ਲੱਗਣ ਕਾਰਨ ਉਹ ਕਈ ਦਿਨ ਬੋਲ ਵੀ ਨਹੀਂ ਸਕੀ। ਮੁਕੱਦਮੇ ਮੁਤਾਬਕ, ਇੱਕ ਗੋਲੀ ਉਸ ਦੀ ਰੀੜ੍ਹ ਦੀ ਹੱਡੀ ਦੇ ਬੇਹੱਦ ਨੇੜੇ ਫਸੀ ਹੋਈ ਹੈ, ਜਿਸ ਨੂੰ ਕੱਢਿਆ ਨਹੀਂ ਜਾ ਸਕਿਆ। ਨਸਾਂ ਦੇ ਨੁਕਸਾਨ ਕਾਰਨ ਉਹ ਹੁਣ ਤੁਰਨ-ਫਿਰਨ ਅਤੇ ਕੰਮ ਕਰਨ ਤੋਂ ਪੂਰੀ ਤਰ੍ਹਾਂ ਅਸਮਰਥ ਹੈ ਅਤੇ ਗੰਭੀਰ ਮਾਨਸਿਕ ਤਣਾਅ ਵਿਚੋਂ ਲੰਘ ਰਹੀ ਹੈ।
ਦਾਅਵੇ ਮੁਤਾਬਕ, ਹੱਤਿਆ ਕਾਂਡ ਤੋਂ ਠੀਕ ਚਾਰ ਦਿਨ ਪਹਿਲਾਂ ਪੀਲ ਪੁਲਿਸ ਦਾ ਇੱਕ ਅਧਿਕਾਰੀ ਉਨ੍ਹਾਂ ਦੇ ਘਰ ਆਇਆ ਸੀ, ਪਰ ਉਸ ਨੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਪਤਾ ਸੀ ਕਿ ਇਸ ਮਾਮਲੇ ਵਿਚ ਕੈਨੇਡੀਅਨ ਗੈਂਗਸਟਰ ਰਿਆਨ ਵੈਡਿੰਗ ਦਾ ਇੱਕ ਸਾਥੀ ਸ਼ਾਮਲ ਸੀ। ਜੇਕਰ ਪੁਲਿਸ ਸਮੇਂ ਸਿਰ ਚੇਤਾਵਨੀ ਦੇ ਦਿੰਦੀ, ਤਾਂ ਇਸ ਮਾਸੂਮ ਪੰਜਾਬੀ ਜੋੜੇ ਦੀ ਜਾਨ ਬਚਾਈ ਜਾ ਸਕਦੀ ਸੀ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਪਰਿਵਾਰ ਹਮਲਾਵਰਾਂ ਦਾ ਅਸਲ ਟਾਰਗੇਟ ਨਹੀਂ ਸੀ। ਦਰਅਸਲ, ਅਕਤੂਬਰ 2024 ਵਿਚ ਅਮਰੀਕੀ ਅਟਾਰਨੀ ਦਫ਼ਤਰ ਨੇ ਖ਼ੁਲਾਸਾ ਕੀਤਾ ਸੀ ਕਿ ਉੱਤਰੀ ਅਮਰੀਕਾ ਦੇ ਇੱਕ ਵੱਡੇ ਡਰੱਗ ਗੈਂਗ ਦੇ ਲੀਡਰ ਰਿਆਨ ਵੈਡਿੰਗ ਅਤੇ ਉਸ ਦੇ ਸਾਥੀ ਐਂਡਰਿਊ ਕਲਾਰਕ ਨੇ ਦੱਖਣੀ ਕੈਲੀਫੋਰਨੀਆ ਵਿਚ ਚੋਰੀ ਹੋਈ ਨਸ਼ੇ ਦੀ ਇੱਕ ਖੇਪ ਦੇ ਬਦਲੇ ‘ਬੌਬੀ’ ਨਾਮ ਦੇ ਇੱਕ ਨੌਜਵਾਨ ਨੂੰ ਜਾਨੋਂ ਮਾਰਨ ਦਾ ਹੁਕਮ ਦਿੱਤਾ ਸੀ। ਜਿਸ ਘਰ ਵਿਚ ਸਿੱਧੂ ਪਰਿਵਾਰ ਰਹਿ ਰਿਹਾ ਸੀ, ਉਹ ਪਹਿਲਾਂ ਬੌਬੀ ਨਾਮ ਦੇ ਵਿਅਕਤੀ ਨਾਲ ਜੁੜਿਆ ਹੋਇਆ ਸੀ ਅਤੇ ਉਸ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਸੀ। ਬੌਬੀ ਨੂੰ ਲੱਭਦੇ ਹੋਏ ਸ਼ੂਟਰ ਗ਼ਲਤੀ ਨਾਲ ਇਸ ਪੰਜਾਬੀ ਜੋੜੇ ਦੇ ਘਰ ਵੜ ਗਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਦੱਸ ਦੇਈਏ ਕਿ ਇਸ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਤੇ ਡਰੱਗ ਲਾਰਡ ਰਿਆਨ ਵੈਡਿੰਗ ਨੂੰ ਜਨਵਰੀ 2026 ਵਿਚ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਦੂਜੇ ਪਾਸੇ, ਪੀਲ ਪੁਲਿਸ ਨੇ ਆਪਣੇ ਬਚਾਅ ਵਿਚ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਖ਼ੁਫ਼ੀਆ ਜਾਣਕਾਰੀ ਜਾਂ ਰਿਪੋਰਟ ਨਹੀਂ ਸੀ ਕਿ ਉਸ ਪਤੇ ‘ਤੇ ਰਹਿਣ ਵਾਲੇ ਮੌਜੂਦਾ ਨਿਵਾਸੀਆਂ (ਸਿੱਧੂ ਪਰਿਵਾਰ) ਦੀ ਜਾਨ ਨੂੰ ਕੋਈ ਖ਼ਤਰਾ ਹੋ ਸਕਦਾ ਹੈ। ਅਦਾਲਤ ਵਿਚ ਹੁਣ ਇਸ ਕਰੋੜਾਂ ਰੁਪਏ ਦੇ ਮੁਕੱਦਮੇ ‘ਤੇ ਸੁਣਵਾਈ ਹੋਵੇਗੀ।