ਚੰਡੀਗੜ੍ਹ, 5 ਅਕਤੂਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ 23 ਅਕਤੂਬਰ ਤੋਂ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਬੁਲਾਉਣ ਸਬੰਧੀ ਤਿਆਰੀ ਖਿੱਚ ਲਈ ਹੈ। ਸੂਤਰਾਂ ਅਨੁਸਾਰ, ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਬੁਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸੈਸ਼ਨ ਹੋਵੇਗਾ। ਜਾਣਕਾਰੀ ਮੁਤਾਬਕ ਸਰਕਾਰ 23 ਅਕਤੂਬਰ ਤੋਂ 27 ਅਕਤੂਬਰ ਤੱਕ ਸੈਸ਼ਨ ਕਰਵਾਉਣ ਦਾ ਪ੍ਰਸਤਾਵ ਰੱਖ ਰਹੀ ਹੈ, ਜਿਸ ਵਿਚ 24 ਅਤੇ 25 ਅਕਤੂਬਰ ਨੂੰ ਛੁੱਟੀਆਂ ਹੋਣਗੀਆਂ। ਪਿਛਲੇ ਮਹੀਨੇ, ਜਦੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਸੰਗਠਨਾਂ ਦੇ ਮੈਂਬਰਾਂ ਨੇ ਚੰਡੀਗੜ੍ਹ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਤਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਰਕਾਰ ਵੱਲੋਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਵਿਧਾਨ ਸਭਾ ਸੈਸ਼ਨ ਜਲਦੀ ਹੀ ਬੁਲਾਇਆ ਜਾਵੇਗਾ, ਜਿਸ ਵਿਚ ਪਾਣੀ ਸਮਝੌਤਿਆਂ ‘ਤੇ ਮੁੜ ਵਿਚਾਰ ਕਰਨਾ ਅਤੇ ਦਰਿਆਈ ਪਾਣੀਆਂ ਨਾਲ ਸਬੰਧਤ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ ਵਿਰੁੱਧ ਮਤਾ ਪਾਸ ਕਰਨਾ ਸ਼ਾਮਲ ਹੈ।
ਕਿਸਾਨਾਂ ਦੀ ਮੰਗ ਅਨੁਸਾਰ, ਵਿਧਾਨ ਸਭਾ ਡੈਮ ਸੁਰੱਖਿਆ ਐਕਟ ਅਤੇ ਬੀਜ ਬਿੱਲ, 2025 ਦਾ ਵਿਰੋਧ ਕਰਨ ਵਾਲੇ ਮਤਿਆਂ ‘ਤੇ ਵੀ ਵਿਚਾਰ ਕਰਨ ਦੀ ਸੰਭਾਵਨਾ ਹੈ। ਹੋਰ ਮੁੱਦਿਆਂ ਦੇ ਨਾਲ ਵਿਧਾਇਕ ਕਿਸਾਨਾਂ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕਰਨਗੇ, ਜਿਵੇਂ ਕਿ ਪਹਿਲੀ ਤੋਂ 7 ਸਤੰਬਰ ਤੱਕ ਚੰਡੀਗੜ੍ਹ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨਾਲ ਵਾਅਦਾ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਤਿਆਰੀ!

