#PUNJAB

ਪੰਜਾਬ ਪੁਲਿਸ ਨੇ ਮਜੀਠੀਆ ਖਿਲਾਫ ਦਰਜ ਐੱਫ.ਆਈ.ਆਰ. ਦੀ ਕਾਪੀ ਕਾਨੂੰਨੀ ਟੀਮ ਨੂੰ ਸੌਂਪੀ

ਅੰਮ੍ਰਿਤਸਰ, 4 ਜੂਨ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਦਰਜ ਹੋਈ ਐੱਫ.ਆਈ.ਆਰ. ਦੀ ਕਾਪੀ ਸਾਹਮਣੇ ਆ ਗਈ ਹੈ। ਦਰਅਸਲ ਸਥਾਨਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਮਜੀਠੀਆ ਖਿਲਾਫ ਦਰਜ ਐੱਫ.ਆਈ.ਆਰ. ਦੀ ਇਕ ਕਾਪੀ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ ਐੱਫ.ਆਈ.ਆਰ. ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ‘ਚ ਕਥਿਤ ਤੌਰ ‘ਤੇ ਜ਼ਬਰਨ ਦਾਖਲ ਹੋਣ ਦੇ ਮਾਮਲੇ ‘ਚ ਦਰਜ ਕੀਤੀ ਗਈ ਸੀ। ਇਸ ਵਿਚ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀਆਂ ਅਤੇ ਸਮਰਥਕਾਂ ਜਿਨ੍ਹਾਂ ਵਿਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇਹ ਅਤੇ ਜੋਧ ਸਿੰਘ ਸਮਰਾ ਸਣੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਇਹ ਮਾਮਲਾ ‘ਭਾਰਤੀ ਨਿਆ ਸੰਹਿਤਾ’ ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸਰਕਾਰੀ ਕਰਮਚਾਰੀ ‘ਤੇ ਡਿਊਟੀ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਵਿਚ ਰੁਕਾਵਟ ਪਾਉਣਾ, ਖਿੱਚ-ਧੂਹ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਵਿਚੋਂ ਛੁਡਵਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ-ਕਾਨੂੰਨੀ ਇਕੱਠ (ਜਮਾਵੜਾ) ਕਰਨਾ ਅਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਐੱਫ.ਆਈ.ਆਰ. ਅਨੁਸਾਰ ਮਜੀਠੀਆ ਕਥਿਤ ਤੌਰ ‘ਤੇ 50 ਤੋਂ ਜ਼ਿਆਦਾ ਸਮਰਥਕਾਂ ਨਾਲ ਮਜੀਠਾ ਥਾਣੇ ਪਹੁੰਚੇ। ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਿਸ ਥਾਣੇ ਵਿਚ ਦਾਖਲ ਹੋਇਆ ਅਤੇ ਇਮਾਰਤ ਦੇ ਵੱਖ-ਵੱਖ ਹਿੱਸਿਆਂ ਜਿਨ੍ਹਾਂ ਵਿਚ ਕਮਰੇ ਅਤੇ ਹਵਾਲਾਤ ਖੇਤਰ ਸ਼ਾਮਲ ਹਨ, ਦੀ ਤਲਾਸ਼ੀ ਲਈ। ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਇਕ ਸਮਰਥਕ ਨੇ ਕਥਿਤ ਤੌਰ ‘ਤੇ ਪਿਸਤੌਲ ਲਹਿਰਾਈ ਅਤੇ ਉਸ ਨੂੰ ਹਵਾ ਵਿਚ ਘੁਮਾਇਆ, ਜਿਸ ਨਾਲ ਪੁਲਿਸ ਸਟੇਸ਼ਨ ਵਿਚ ਮੌਜੂਦ ਅਧਿਕਾਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ। ਕੇਸ ਦਰਜ ਹੋਣ ਤੋਂ ਬਾਅਦ ਜਾਰੀ ਕੀਤੇ ਇਸ ਸਰਕੂਲਰ ਨਾਲ ਹੁਣ ਉਹ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕਣਗੇ। ਫਿਲਹਾਲ ਪੁਲਿਸ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਮਜੀਠੀਆ ਵਿਚ ਬਿਕਰਮ ਮਜੀਠੀਆ ਦੀ ਗੁੰਮਸ਼ੁਦਗੀ ਵਾਲੇ ਪੋਸਟਰ ਵੀ ਲਗਾਈ ਗਏ ਹਨ।