-ਨਤੀਜੇ ਪੂਰੇ ਪੰਜਾਬ ਦੇ ਜਨਮਤ ਦੀ ਤਸਵੀਰ ਨਹੀਂ : ਵਿਰੋਧੀ ਧਿਰਾਂ
ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਵਿਕਾਸ, ਇਮਾਨਦਾਰ ਨੀਅਤ ਅਤੇ ਲੋਕ ਭਲਾਈ ਦੀ ਰਾਜਨੀਤੀ ਦੇ ਨਾਲ ਖੜ੍ਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਨਗਰ ਨਿਗਮ ਚੋਣਾਂ ਦੀ ਜਿੱਤ ਨਹੀਂ, ਸਗੋਂ ਪੰਜਾਬ ਦੇ ਭਵਿੱਖ ਲਈ ਲੋਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਜੋ ਕੰਮ ਕੀਤੇ ਹਨ, ਲੋਕਾਂ ਨੇ ਉਨ੍ਹਾਂ ‘ਤੇ ਆਪਣੀ ਮੋਹਰ ਲਗਾਈ ਹੈ। ਮਾਨ ਨੇ ਕਿਹਾ ਕਿ ਇਹ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਇੱਕ ਵੱਡਾ ਸੰਦੇਸ਼ ਹਨ ਅਤੇ ਸਰਕਾਰ ਹੋਰ ਤੇਜ਼ੀ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾਏਗੀ।
ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਪੂਰੇ ਪੰਜਾਬ ਦੇ ਜਨਮਤ ਦੀ ਤਸਵੀਰ ਨਹੀਂ ਹਨ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਚੋਣ ਪ੍ਰਕਿਰਿਆ ਦੌਰਾਨ ਸਰਕਾਰੀ ਮਸ਼ੀਨਰੀ ਦੀ ਵਰਤੋਂ, ਕੁਝ ਥਾਵਾਂ ‘ਤੇ ਹਿੰਸਾ, ਬੂਥ ਕਬਜ਼ੇ ਅਤੇ ਗੜਬੜੀਆਂ ਦੇ ਦੋਸ਼ ਵੀ ਲਗਾਏ ਹਨ। ਕਈ ਥਾਵਾਂ ‘ਤੇ ਮੁੜ ਵੋਟਿੰਗ ਦੀ ਮੰਗ ਵੀ ਕੀਤੀ ਗਈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ”ਸੈਮੀਫਾਈਨਲ” ਮੰਨਿਆ ਜਾ ਰਿਹਾ ਸੀ। ਇਸ ਲਈ ਨਤੀਜੇ ਇਹ ਜ਼ਰੂਰ ਦਰਸਾਉਂਦੇ ਹਨ ਕਿ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ‘ਆਪ’ ਅਜੇ ਵੀ ਇੱਕ ਮਜ਼ਬੂਤ ਤਾਕਤ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਮੌਜੂਦ ਨਹੀਂ। ਬੇਰੁਜ਼ਗਾਰੀ, ਨਸ਼ੇ, ਕਾਨੂੰਨ-ਵਿਵਸਥਾ ਅਤੇ ਸਥਾਨਕ ਵਿਕਾਸ ਵਰਗੇ ਮੁੱਦੇ ਅਜੇ ਵੀ ਵੋਟਰਾਂ ਦੀ ਚਿੰਤਾ ਵਿਚ ਸ਼ਾਮਲ ਹਨ।
ਖਾਸ ਕਰਕੇ ਬਟਾਲਾ, ਮੋਗਾ ਅਤੇ ਹੋਰ ਕਈ ਖੇਤਰਾਂ ਵਿਚ ਵੋਟਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੜਕਾਂ, ਸੀਵਰੇਜ, ਸਫ਼ਾਈ ਅਤੇ ਨਸ਼ਿਆਂ ਦਾ ਮੁੱਦਾ ਅਜੇ ਵੀ ਗੰਭੀਰ ਹੈ। ਕਈ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਤੋਂ ਵੱਧ ਆਪਣੇ ਸਥਾਨਕ ਉਮੀਦਵਾਰ ਨੂੰ ਦੇਖ ਕੇ ਵੋਟ ਪਾਉਂਦੇ ਹਨ।
ਨਗਰ ਨਿਗਮ ਚੋਣਾਂ: ਪੰਜਾਬ ਨੇ ਵਿਕਾਸ ਦੀ ਰਾਜਨੀਤੀ ‘ਤੇ ਲਗਾਈ ਮੋਹਰ : ਭਗਵੰਤ ਮਾਨ

