#AMERICA

ਤੁਲਸੀ ਗਾਬਾਰਡ ਵੱਲੋਂ ਕੌਮੀ ਖੁਫੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ

-ਪਤੀ ਦੀ ਖ਼ਰਾਬ ਸਿਹਤ ਨੂੰ ਦੱਸਿਆ ਮੁੱਖ ਕਾਰਨ
ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੌਮੀ ਖੁਫੀਆ ਨਿਰਦੇਸ਼ਕ (ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ) ਤੁਲਸੀ ਗਾਬਾਰਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣਾ ਅਸਤੀਫਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਅਬਰਾਹਮ ਨੂੰ ਹੱਡੀਆਂ ਦਾ ਇੱਕ ਬਹੁਤ ਹੀ ਦੁਰਲੱਭ ਕੈਂਸਰ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਖੜ੍ਹੇ ਹੋਣ ਲਈ ਇਸ ਅਹੁਦੇ ਤੋਂ ਦੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਇਹ ਅਸਤੀਫਾ 30 ਜੂਨ 2026 ਤੋਂ ਲਾਗੂ ਹੋਵੇਗਾ।
ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਆਪਣਾ ਅਹੁਦਾ ਛੱਡਣ ਵਾਲੀ ਉਹ ਚੌਥੀ ਕੈਬਨਿਟ ਅਧਿਕਾਰੀ ਬਣ ਗਈ ਹੈ।
ਪਤੀ ਦੀ ਬਿਮਾਰੀ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਇਹ ਚਰਚਾਵਾਂ ਵੀ ਸਨ ਕਿ ਟਰੰਪ ਵੱਲੋਂ ਇਰਾਨ ‘ਤੇ ਹਮਲਾ ਕਰਨ ਦੇ ਫੈਸਲੇ ਤੋਂ ਬਾਅਦ ਤੁਲਸੀ ਗਾਬਾਰਡ ਦੇ ਰਾਸ਼ਟਰਪਤੀ ਨਾਲ ਮਤਭੇਦ ਚੱਲ ਰਹੇ ਸਨ। ਤੁਲਸੀ ਗਾਬਾਰਡ ਇੱਕ ਫੌਜੀ ਅਧਿਕਾਰੀ ਰਹਿ ਚੁੱਕੀ ਹੈ ਅਤੇ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਸੀ, ਹਮੇਸ਼ਾ ਹੀ ਵਿਦੇਸ਼ੀ ਜੰਗਾਂ ਖਿਲਾਫ ਰਹੀ ਹੈ। ਜਦੋਂ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਇਰਾਨ ‘ਤੇ ਹਮਲੇ ਸ਼ੁਰੂ ਕੀਤੇ, ਤਾਂ ਉਹ ਇੱਕ ਮੁਸ਼ਕਲ ਸਥਿਤੀ ਵਿਚ ਫਸ ਗਈ ਸੀ। ਸੰਸਦ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਖੁੱਲ੍ਹ ਕੇ ਟਰੰਪ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਸੀ। ਉਨ੍ਹਾਂ ਨੇ ਸੰਸਦ ਵਿਚ ਲਗਾਤਾਰ ਇਹ ਬਿਆਨ ਦਿੱਤਾ ਕਿ ਇਹ ਹਮਲਾ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਰਾਸ਼ਟਰਪਤੀ ਟਰੰਪ ਦਾ ਸੀ, ਨਾ ਕਿ ਖੁਫੀਆ ਵਿਭਾਗ ਦਾ, ਜਦੋਂ ਕਿ ਟਰੰਪ ਦਾ ਕਹਿਣਾ ਸੀ ਕਿ ਇਹ ਹਮਲਾ ਦੇਸ਼ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਸੀ।
ਤੁਲਸੀ ਗਾਬਾਰਡ ਅਮਰੀਕੀ ਸੰਸਦ (ਕਾਂਗਰਸ) ਦੀ ਪਹਿਲੀ ਹਿੰਦੂ ਮੈਂਬਰ ਸੀ, ਜਿਨ੍ਹਾਂ ਨੇ ਭਗਵਦ ਗੀਤਾ ‘ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।