– ICE ਦੇ ਡਰ ਕਾਰਨ ਕਈ ਪ੍ਰਵਾਸੀਆਂ ਨੇ ਟੈਕਸ ਫਾਈਲ ਕਰਨਾ ਛੱਡਿਆ, IRS ਆਮਦਨ ‘ਤੇ ਪੈ ਸਕਦਾ ਵੱਡਾ ਅਸਰ
ਵਾਸ਼ਿੰਗਟਨ ਡੀ.ਸੀ., 27 ਮਈ (ਪੰਜਾਬ ਮੇਲ)- ਅਮਰੀਕਾ ਵਿਚ ਇੰਟਰਨਲ ਰੈਵੇਨਿਊ ਸਰਵਿਸ ਅਤੇ ਇਮੀਗ੍ਰੇਸ਼ਨ ਏਜੰਸੀਆਂ ਵਿਚਾਲੇ ਵਧ ਰਹੇ ਡਾਟਾ ਸਾਂਝੇ ਕਰਨ ਕਾਰਨ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ। ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਡਰ ਕਾਰਨ ਵੱਡੀ ਗਿਣਤੀ ਵਿਚ ਲੋਕ ਟੈਕਸ ਰਿਟਰਨ ਫਾਈਲ ਕਰਨੋਂ ਹਟ ਰਹੇ ਹਨ, ਜਿਸ ਨਾਲ ਅਗਲੇ 10 ਸਾਲਾਂ ਵਿਚ ਅਮਰੀਕਾ ਨੂੰ 147 ਬਿਲੀਅਨ ਤੋਂ 479 ਬਿਲੀਅਨ ਡਾਲਰ ਤੱਕ ਦੇ ਟੈਕਸ ਰੈਵੇਨਿਊ ਦਾ ਨੁਕਸਾਨ ਹੋ ਸਕਦਾ ਹੈ।
ਰਿਪੋਰਟ ਮੁਤਾਬਕ, ਕਈ ਪ੍ਰਵਾਸੀ ਹੁਣ ਇਹ ਸੋਚ ਕੇ ਟੈਕਸ ਨਹੀਂ ਭਰ ਰਹੇ ਕਿ ਜੇ ਉਨ੍ਹਾਂ ਦੀ ਜਾਣਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਤੱਕ ਪਹੁੰਚ ਗਈ, ਤਾਂ ਉਹ ਡਿਪੋਰਟੇਸ਼ਨ ਦਾ ਸ਼ਿਕਾਰ ਹੋ ਸਕਦੇ ਹਨ।
ਟੈਕਸ ਸਲਾਹਕਾਰ ਡੇਜ਼ੀ ਸ਼ਮਿਡਟ ਨੇ ਦੱਸਿਆ ਕਿ ਉਸਦੇ ਲਗਭਗ 75 ਫੀਸਦੀ ਗਾਹਕ ਘੱਟ ਗਏ ਹਨ। ਉਨ੍ਹਾਂ ਕਿਹਾ ਕਿ ਲਾਤੀਨੋ ਭਾਈਚਾਰੇ ਵਿਚ ਡਰ ਬਹੁਤ ਵਧ ਗਿਆ ਹੈ ਅਤੇ ਕਈ ਲੋਕ ਕਹਿ ਰਹੇ ਹਨ ਕਿ ਜੇ ਡਿਪੋਰਟ ਹੋਣਾ ਹੀ ਹੈ, ਤਾਂ ਫਿਰ ਟੈਕਸ ਭਰਨ ਦਾ ਕੀ ਫਾਇਦਾ।
ਯੇਲ ਯੂਨੀਵਰਸਿਟੀ ਦੇ ”ਦ ਬਜਟ ਲੈਬ” ਵੱਲੋਂ ਕੀਤੀ ਗਈ ਰਿਸਰਚ ਅਨੁਸਾਰ, ਜੇ ਬਿਨਾਂ ਦਸਤਾਵੇਜ਼ ਵਾਲੇ ਲੋਕ ਘੱਟ ਗਿਣਤੀ ਵਿਚ ਟੈਕਸ ਭਰਨਗੇ, ਤਾਂ ਇੰਟਰਨਲ ਰੈਵੇਨਿਊ ਸਰਵਿਸ (IRS) ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ। IRS ਦੇ ਆਪਣੇ ਅਨੁਮਾਨ ਮੁਤਾਬਕ, ਜੇ ਸਿਰਫ਼ 1 ਫੀਸਦੀ ਲੋਕ ਵੀ ਟੈਕਸ ਕਾਨੂੰਨਾਂ ਦੀ ਸਵੈ-ਇੱਛਾ ਨਾਲ ਪਾਲਣਾ ਘਟਾ ਦੇਣ, ਤਾਂ ਫੈਡਰਲ ਸਰਕਾਰ ਨੂੰ ਕਰੀਬ 46 ਬਿਲੀਅਨ ਡਾਲਰ ਘੱਟ ਆਮਦਨ ਹੋ ਸਕਦੀ ਹੈ।
ਗੈਰ-ਮੁਨਾਫ਼ਾ ਸੰਸਥਾ ਇੰਸਟੀਚਿਊਟ ਆਨ ਟੈਕਸੇਸ਼ਨ ਐਂਡ ਇਕ’ੋਨੋਮਿਕ ਪਾਲਿਸੀ ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿਚ ਰਹਿੰਦੇ ਲਗਭਗ ਅੱਧੇ ਬਿਨਾਂ ਦਸਤਾਵੇਜ਼ ਵਾਲੇ ਪਰਿਵਾਰ ਇਨਕਮ ਟੈਕਸ ਰਿਟਰਨ ਭਰਦੇ ਹਨ। ਸਾਲ 2022 ਵਿਚ ਹੀ ਅਜਿਹੇ ਪ੍ਰਵਾਸੀਆਂ ਨੇ ਲਗਭਗ 96.7 ਬਿਲੀਅਨ ਡਾਲਰ ਟੈਕਸ ਦੇ ਰੂਪ ਵਿਚ ਅਦਾ ਕੀਤੇ, ਹਾਲਾਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸਰਕਾਰੀ ਛੋਟਾਂ ਅਤੇ ਫਾਇਦੇ ਨਹੀਂ ਮਿਲਦੇ।
ਇਸ ਅਧਿਐਨ ਅਨੁਸਾਰ, ਹਰ 10 ਲੱਖ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਤੋਂ ਸਰਕਾਰ ਨੂੰ ਲਗਭਗ 8.9 ਬਿਲੀਅਨ ਡਾਲਰ ਵਾਧੂ ਟੈਕਸ ਰੈਵੇਨਿਊ ਮਿਲਦਾ ਹੈ।
ਮੈਰੀਲੈਂਡ ਅਤੇ ਵਰਜੀਨੀਆ ਵਿਚ ਲਾਤੀਨੋ ਭਾਈਚਾਰੇ ਨਾਲ ਕੰਮ ਕਰਨ ਵਾਲੇ ਟੈਕਸ ਸਲਾਹਕਾਰ ਐਡਗਰ ਵਿਲਾਕੋਰਟਾ ਨੇ ਕਿਹਾ ਕਿ ਇਸ ਸਾਲ ਉਸਦੇ 30 ਤੋਂ 40 ਫੀਸਦੀ ਗਾਹਕਾਂ ਨੇ ਟੈਕਸ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੂੰ ਹੁਣ ”ਚਾਈਲਡ ਟੈਕਸ ਕਰੈਡਿਟ” ਵਰਗੇ ਫਾਇਦੇ ਨਹੀਂ ਮਿਲ ਰਹੇ, ਭਾਵੇਂ ਉਨ੍ਹਾਂ ਦੇ ਬੱਚੇ ਅਮਰੀਕੀ ਨਾਗਰਿਕ ਹੀ ਕਿਉਂ ਨਾ ਹੋਣ। ਇਸ ਕਾਰਨ ਲੋਕਾਂ ਵਿਚ ਇਹ ਭਾਵਨਾ ਵਧ ਰਹੀ ਹੈ ਕਿ ਟੈਕਸ ਭਰਨ ਦਾ ਕੋਈ ਲਾਭ ਨਹੀਂ।
ਇਸ ਦੌਰਾਨ ਕੈਟੋ ਇੰਸਟੀਚਿਊਟ ਦੀ ਇੱਕ ਨਵੀਂ ਸਟੱਡੀ ਵਿਚ ਦਾਅਵਾ ਕੀਤਾ ਗਿਆ ਕਿ 1994 ਤੋਂ 2023 ਤੱਕ ਪ੍ਰਵਾਸੀਆਂ ਨੇ ਸਰਕਾਰ ਨੂੰ ਟੈਕਸ ਦੇ ਰੂਪ ਵਿਚ ਉਨ੍ਹਾਂ ਫਾਇਦਿਆਂ ਨਾਲੋਂ ਕਾਫ਼ੀ ਵੱਧ ਪੈਸਾ ਦਿੱਤਾ, ਜੋ ਉਨ੍ਹਾਂ ਨੇ ਸਰਕਾਰੀ ਯੋਜਨਾਵਾਂ ਤੋਂ ਲਿਆ। ਰਿਪੋਰਟ ਅਨੁਸਾਰ, ਪ੍ਰਵਾਸੀਆਂ ਨੇ ਇਸ ਸਮੇਂ ਦੌਰਾਨ ਫੈਡਰਲ, ਸੂਬਾਈ ਅਤੇ ਸਥਾਨਕ ਸਰਕਾਰਾਂ ਲਈ ਲਗਭਗ 10.6 ਟ੍ਰਿਲੀਅਨ ਡਾਲਰ ਵਾਧੂ ਰੈਵੇਨਿਊ ਪੈਦਾ ਕੀਤਾ।
ਸਟੱਡੀ ਵਿਚ ਕਿਹਾ ਗਿਆ ਕਿ ਪ੍ਰਵਾਸੀ ਆਮ ਤੌਰ ‘ਤੇ ਕੰਮ ਕਰਨ ਵਾਲੀ ਉਮਰ ਵਿਚ ਹੁੰਦੇ ਹਨ, ਉਨ੍ਹਾਂ ਦੀ ਵਰਕਫੋਰਸ ਵਿਚ ਹਿਸੇਦਾਰੀ ਵੱਧ ਹੁੰਦੀ ਹੈ ਅਤੇ ਉਹ ਉਮਰ-ਸਬੰਧੀ ਸਰਕਾਰੀ ਫਾਇਦਿਆਂ ‘ਤੇ ਘੱਟ ਨਿਰਭਰ ਰਹਿੰਦੇ ਹਨ। ਇਸ ਕਰਕੇ ਉਹ ਅਮਰੀਕੀ ਅਰਥਵਿਵਸਥਾ ਲਈ ਇੱਕ ਵੱਡਾ ਟੈਕਸ ਯੋਗਦਾਨ ਬਣਦੇ ਹਨ।
ਟੈਕਸ ਮਾਹਿਰਾਂ ਦੀ ਚਿਤਾਵਨੀ; ਬਿਨਾਂ ਦਸਤਾਵੇਜ਼ ਵਾਲੇ ਇਮੀਗ੍ਰੈਂਟ ਟੈਕਸ ਭਰਨੋਂ ਹਟੇ, ਤਾਂ ਹੋ ਸਕਦੈ 479 ਬਿਲੀਅਨ ਡਾਲਰ ਦਾ ਨੁਕਸਾਨ

