#AMERICA

ਜਸਪ੍ਰੀਤ ਸਿੰਘ ਵੱਲੋਂ ਬਰਾਕ ਓਬਾਮਾ ਅਤੇ ਹਕੀਮ ਜੈਫਰੀਜ਼ ਨਾਲ ਸਿੱਖਾਂ, ਟਰੱਕ ਚਾਲਕਾਂ ਤੇ ਇਮੀਗ੍ਰੇਸ਼ਨ ਮਸਲਿਆਂ ਬਾਰੇ ਚਰਚਾ

ਨਿਊਯਾਰਕ, 16 ਸਤੰਬਰ (ਪੰਜਾਬ ਮੇਲ)- ਨਿਊਯਾਰਕ ‘ਚ ਅਮਰੀਕੀ ਪ੍ਰਤੀਨਿਧ ਸਦਨ ਦੇ ਵਿਰੋਧੀ ਧਿਰ ਦੇ ਆਗੂ ਹਕੀਮ ਜੈਫਰੀਜ਼ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਰਾਤਰੀ ਭੋਜਨ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਕੀਮ ਜੈਫਰੀਜ਼ ਅਤੇ ਕਾਂਗਰਸ ਮੈਂਬਰ ਜੋਸ਼ ਗੋਟਹਾਈਮਰ ਨਾਲ ਮੁਲਾਕਾਤ ਕੀਤੀ। ਜਸਪ੍ਰੀਤ ਸਿੰਘ ਅਨੁਸਾਰ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਮਰੀਕਾ ਵਿਚ ਵੱਸਦੇ ਸਿੱਖ ਭਾਈਚਾਰੇ, ਟਰੱਕ ਚਾਲਕਾਂ ਅਤੇ ਪ੍ਰਵਾਸੀਆਂ ਨਾਲ ਸੰਬੰਧਿਤ ਮਹੱਤਵਪੂਰਨ ਮਸਲੇ ਉਨ੍ਹਾਂ ਸਾਹਮਣੇ ਰੱਖੇ।

ਜਸਪ੍ਰੀਤ ਸਿੰਘ ਨੇ ਸਿੱਖਾਂ ਵਿਰੁੱਧ ਨਫ਼ਰਤੀ ਘਟਨਾਵਾਂ, ਦਸਤਾਰ ਅਤੇ ਸਿੱਖ ਪਛਾਣ ਕਾਰਨ ਹੋਣ ਵਾਲੇ ਭੇਦਭਾਵ ਅਤੇ ਸਰਕਾਰੀ ਪ੍ਰਚਾਰ ਵਿਚ ”ਸਿੰਘ” ਨਾਮ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕੀਤੇ ਜਾਣ ਉੱਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਦੇ ਕਥਿਤ ਕਸੂਰ ਨੂੰ ਪੂਰੇ ਸਿੱਖ ਭਾਈਚਾਰੇ ਨਾਲ ਜੋੜਨਾ ਗਲਤ ਹੈ।

ਟਰੱਕ ਚਾਲਕਾਂ ਦੇ ਮਸਲਿਆਂ ਬਾਰੇ ਗੱਲ ਕਰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਅਤੇ ਪੰਜਾਬੀ ਚਾਲਕ ਅਮਰੀਕੀ ਆਵਾਜਾਈ ਪ੍ਰਣਾਲੀ ਅਤੇ ਅਰਥਚਾਰੇ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਇਸ ਦੇ ਬਾਵਜੂਦ ਕਈ ਚਾਲਕਾਂ ਨੂੰ ਟਰੱਕ ਅੱਡਿਆਂ ਅਤੇ ਆਰਾਮ-ਸਥਾਨਾਂ ਉੱਤੇ ਨਸਲੀ ਟਿੱਪਣੀਆਂ, ਧਮਕੀਆਂ ਅਤੇ ਸੁਰੱਖਿਆ ਸੰਬੰਧੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਮੀਗ੍ਰੇਸ਼ਨ ਬਾਰੇ ਉਨ੍ਹਾਂ ਨੇ ਪ੍ਰਵਾਸੀਆਂ ਸਾਹਮਣੇ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਾਨੂੰਨੀ ਪ੍ਰਕਿਰਿਆ ਪਾਰਦਰਸ਼ੀ, ਨਿਰਪੱਖ ਅਤੇ ਮਨੁੱਖੀ ਹੋਵੇ।
ਇਹ ਮੁਲਾਕਾਤ ਸਿੱਖ ਭਾਈਚਾਰੇ ਦੇ ਮਸਲੇ ਅਮਰੀਕਾ ਦੇ ਉੱਚ ਸਿਆਸੀ ਆਗੂਆਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਮੌਕਾ ਰਹੀ।