#CANADA

ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘੱਟ ਰਿਹਾ ਹੈ

ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ
ਟੋਰਾਂਟੋ, 5 ਜੂਨ (ਪੰਜਾਬ ਮੇਲ)- ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘੱਟ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤ ਤੋਂ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਨੂੰ ਹੋ ਰਿਹਾ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ ਸੁਪਰ ਵੀਜ਼ਾ ਸਿਰਫ਼ 112 ਦਿਨਾਂ ਵਿਚ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ ਇਸ ਲਈ 116 ਦਿਨਾਂ ਦਾ ਸਮਾਂ ਲੱਗਦਾ ਸੀ। ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਜਾਵੇ, ਤਾਂ ਭਾਰਤ ਤੋਂ ਦਾਖ਼ਲ ਅਰਜ਼ੀਆਂ ਦਾ ਨਿਪਟਾਰਾ ਹੁਣ ਸਿਰਫ਼ 28 ਦਿਨਾਂ ਵਿਚ ਹੋ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਵਿਚ ਮੌਜੂਦਗੀ ਦੌਰਾਨ ਦਾਖ਼ਲ ਕੀਤੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਵੀ 28 ਦਿਨਾਂ ਵਿਚ ਪ੍ਰੋਸੈਸ ਕੀਤਾ ਜਾ ਰਿਹਾ ਹੈ।
ਵਰਕ ਪਰਮਿਟ ਦੇ ਮਾਮਲੇ ਵਿਚ ਭਾਰਤ ਤੋਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 10 ਹਫ਼ਤਿਆਂ ਤੋਂ ਘੱਟ ਕੇ 9 ਹਫ਼ਤੇ ਰਹਿ ਗਿਆ ਹੈ। ਸਟੱਡੀ ਵੀਜ਼ਾ ਲਈ ਭਾਰਤ ਤੋਂ ਆ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਹੁਣ 5 ਹਫ਼ਤਿਆਂ ਵਿਚ ਹੋ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਭਾਰਤੀਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਪਾਕਿਸਤਾਨੀ ਨਾਗਰਿਕਾਂ ਨੂੰ ਸੁਪਰ ਵੀਜ਼ਾ 70 ਦਿਨਾਂ ਵਿਚ, ਵਰਕ ਪਰਮਿਟ 6 ਹਫ਼ਤਿਆਂ ਵਿਚ ਅਤੇ ਸਟੱਡੀ ਵੀਜ਼ਾ ਸਿਰਫ਼ 4 ਹਫ਼ਤਿਆਂ ਵਿਚ ਮਿਲ ਰਿਹਾ ਹੈ।
ਨਵਾਂ ਪੀ.ਆਰ. ਕਾਰਡ ਹੁਣ ਸਿਰਫ਼ 50 ਦਿਨਾਂ ਦੇ ਅੰਦਰ ਮਿਲ ਰਿਹਾ ਹੈ, ਜਿਸ ਲਈ ਪਹਿਲਾਂ 60 ਦਿਨਾਂ ਤੋਂ ਵੱਧ ਉਡੀਕ ਕਰਨੀ ਪੈਂਦੀ ਸੀ। ਹਾਲਾਂਕਿ ਸਪਾਊਜ਼ ਵੀਜ਼ਾ (ਜੀਵਨ ਸਾਥੀ ਵੀਜ਼ਾ) ਲਈ ਉਡੀਕ ਸਮਾਂ ਹਾਲੇ ਵੀ 15 ਮਹੀਨੇ ਚੱਲ ਰਿਹਾ ਹੈ ਅਤੇ ਇਸ ਸ਼੍ਰੇਣੀ ਵਿਚ ਅਰਜ਼ੀਆਂ ਦਾ ਬੈਕਲਾਗ 47,000 ਤੋਂ ਉੱਪਰ ਦੱਸਿਆ ਗਿਆ ਹੈ।