-ਇੱਕੋ ਮਹਿਲਾ ਨਾਲ ਦੋ ਵਾਰ ਜਿਨਸੀ ਹਮਲਾ ਕਰਨ ਦਾ ਮਾਮਲਾ; ਪੁਲਿਸ ਨੇ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ
ਵਿੰਨੀਪੈੱਗ, 29 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰਲਿੰਗਟਨ ਸ਼ਹਿਰ ਵਿਚ ਇੱਕ 25 ਸਾਲਾ ਉਬਰ ਡਰਾਈਵਰ ਖ਼ਿਲਾਫ਼ ਇੱਕੋ ਹੀ ਮਹਿਲਾ ਨਾਲ ਇੱਕੋ ਦਿਨ ਦੋ ਵਾਰ ਜਿਨਸੀ ਹਮਲਾ ਕਰਨ ਦੇ ਗੰਭੀਰ ਦੋਸ਼ਾਂ ਮਗਰੋਂ ਸਨਸਨੀ ਫੈਲ ਗਈ ਹੈ। ਹਾਲਟਨ ਰਿਜਨਲ ਪੁਲਿਸ ਸਰਵਿਸ (ਐੱਚ.ਆਰ.ਪੀ.ਐੱਸ.) ਨੇ ਐਟੋਬਿਕੋਕ ਦੇ ਰਹਿਣ ਵਾਲੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਹਮਲੇ ਦੇ ਦੋ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਘਟਨਾ ਦੇ ਸਮੇਂ ਉਹ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਪੁਲਿਸ ਅਨੁਸਾਰ ਇਹ ਘਟਨਾ 16 ਜੂਨ 2026 ਨੂੰ ਸ਼ਾਮ ਕਰੀਬ 5:15 ਵਜੇ ਬਰਲਿੰਗਟਨ ਗੋ ਸਟੇਸ਼ਨ (2101 ਫੇਅਰਵਿਊ ਸਟ੍ਰੀਟ) ਦੇ ਦੱਖਣੀ ਪਾਰਕਿੰਗ ਲਾਟ ਵਿਚ ਵਾਪਰੀ। ਜਾਂਚ ਮੁਤਾਬਕ ਮੁਲਜ਼ਮ ਨੇ ਪਹਿਲਾਂ ਮਹਿਲਾ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਉਸ ਉੱਤੇ ਜਿਨਸੀ ਹਮਲਾ ਕੀਤਾ। ਪੀੜਤਾ ਮੌਕੇ ਤੋਂ ਨਿਕਲਣ ਵਿਚ ਕਾਮਯਾਬ ਹੋ ਗਈ, ਪਰ ਪੁਲਿਸ ਦਾ ਦੋਸ਼ ਹੈ ਕਿ ਮਨਦੀਪ ਸਿੰਘ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ‘ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਵਿਚ ਪਹੁੰਚ ਕੇ ਉਸ ਨਾਲ ਦੂਜੀ ਵਾਰ ਵੀ ਜਿਨਸੀ ਹਮਲਾ ਕੀਤਾ। ਹਾਲਾਂਕਿ, ਇਸ ਘਟਨਾ ਵਿਚ ਪੀੜਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।
ਮਾਮਲੇ ਦੀ ਜਾਂਚ ਹਾਲਟਨ ਪੁਲਿਸ ਦੀ ਚਾਈਲਡ ਐਬਿਊਜ਼ ਐਂਡ ਸੈਕਸੁਅਲ ਅਸਾਲਟ (ਸੀ.ਏ.ਐੱਸ.ਏ.) ਯੂਨਿਟ ਵੱਲੋਂ ਕੀਤੀ ਗਈ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਹੋਣ ਉਪਰੰਤ 26 ਜੁਲਾਈ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿਚ ਉਸ ਨੂੰ ਮਿਲਟਨ ਵਿਖੇ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਵਿਰੁੱਧ ਜਿਨਸੀ ਹਮਲੇ ਦੇ ਦੋ ਦੋਸ਼ ਲਗਾਏ ਗਏ ਹਨ।
ਪੁਲਿਸ ਨੂੰ ਖ਼ਦਸ਼ਾ ਹੈ ਕਿ ਇਸ ਡਰਾਈਵਰ ਦਾ ਅਪਰਾਧਿਕ ਪਿਛੋਕੜ ਹੋ ਸਕਦਾ ਹੈ ਜਾਂ ਇਸ ਨੇ ਪਹਿਲਾਂ ਵੀ ਹੋਰ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਹੋਵੇਗਾ। ਇਸ ਲਈ ਪ੍ਰਸ਼ਾਸਨ ਨੇ ਦੋਸ਼ੀ ਦੀ ਤਸਵੀਰ ਜਾਰੀ ਕਰਦਿਆਂ ਜਨਤਕ ਅਪੀਲ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਜਾਂ ਮਹਿਲਾ ਇਸ ਦਾ ਸ਼ਿਕਾਰ ਹੋਈ ਹੈ, ਤਾਂ ਉਹ ਬਿਨਾਂ ਕਿਸੇ ਡਰ ਤੋਂ 905-825-4777 (ਐਕਸਟੈਨਸ਼ਨ 8970) ‘ਤੇ ਸੀ.ਏ.ਐੱਸ.ਏ. ਯੂਨਿਟ ਨਾਲ ਸੰਪਰਕ ਕਰ ਸਕਦੀ ਹੈ। ਗੁਪਤ ਜਾਣਕਾਰੀ ਕ੍ਰਾਈਮ ਸਟੌਪਰਸ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
ਇਸ ਘਟਨਾ ਨੇ ਕੈਨੇਡਾ ਵਿਚ ਐਪ-ਅਧਾਰਿਤ ਰਾਈਡ-ਸ਼ੇਅਰ ਸੇਵਾਵਾਂ ਦੀ ਸੁਰੱਖਿਆ ਅਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਗੰਭੀਰ ਚਰਚਾ ਛੇੜ ਦਿੱਤੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਹਾਲੇ ਜਾਰੀ ਹੈ ਅਤੇ ਅਦਾਲਤ ਵਿਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ‘ਤੇ ਬੇਕਸੂਰ ਹੀ ਮੰਨਿਆ ਜਾਂਦਾ ਹੈ।
ਕੈਨੇਡਾ ‘ਚ ਪੰਜਾਬੀ ਉਬਰ ਡਰਾਈਵਰ ਜਿਨਸੀ ਹਮਲੇ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫ਼ਤਾਰ

