#CANADA

ਕੈਨੇਡਾ ‘ਚ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੋਂ ਕਰੋੜਾਂ ਦੀ ਨਕਦੀ, ਬੰਦੂਕਾਂ ਅਤੇ ਨਸ਼ੇ ਦੀ ਖੇਪ ਬਰਾਮਦ

ਵੈਨਕੂਵਰ, 25 ਜੂਨ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ‘ਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਠਿਕਾਣਿਆਂ ਦੀ ਤਲਾਸ਼ੀ ਦੌਰਾਨ 15 ਲੱਖ ਡਾਲਰ ਕਰੰਸੀ ਨੋਟ (ਕਰੀਬ 10 ਕਰੋੜ ਰੁਪਏ), ਕਈ ਮਾਰੂ ਹਥਿਆਰ, ਵੱਡੀ ਮਾਤਰਾ ‘ਚ ਵੱਖ-ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਅਤੇ ਪੰਜ ਆਲੀਸ਼ਾਨ ਘਰ ਆਪਣੇ ਕਬਜੇ ‘ਚ ਲਏ ਹਨ।
ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਨੂੰਨੀ ਅੜਿਕਿਆਂ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ‘ਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੀ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤ ਜਾਵੇਗੀ ਹੈ, ਤਾਂ ਜੋ ਹੋਰ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਵੈਨਕੂਵਰ ਖੇਤਰ ‘ਚੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ।
ਇਸ ਜਾਂਚ ਦਲ ਨੇ ਇਸ ਨੈਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਲਈ ਇੱਕ ਸਾਲ ਦਾ ਸਮਾਂ ਲਾਇਆ। ਫੜੇ ਗਏ ਨਾਜਾਇਜ਼ ਮਾਰੂ ਹਥਿਆਰਾਂ ‘ਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀਸਿੱਕਾ ਵੀ ਮਿਲਿਆ ਹੈ, ਜਿਸ ਨੂੰ ਉਹ ਕਥਿਤ ਤੌਰ ਦੇ ਵੇਚਣ ਦਾ ਧੰਦਾ ਵੀ ਕਰਦੇ ਸਨ।
ਫੜੀਆਂ ਗਈਆਂ ਲਗਜ਼ਰੀ ਕਾਰਾਂ ‘ਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਵਾਈਆਂ ਸਨ, ਜਿੰਨ੍ਹਾਂ ‘ਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ਤੇ ਮੁਲਜ਼ਮਾਂ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ, ਤਾਂ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀਆਂ ਦੇ ਆਧਾਰ ‘ਤੇ ਅਦਾਲਤ ਵਿਚ ਠੋਸ ਸਬੂਤ ਜੁਟਾਏ ਜਾ ਸਕਣ।