2027 ਚੋਣਾਂ ਨੂੰ ਮੁੱਖ ਰੱਖ ਕੇ ਭਾਜਪਾ ਵੱਲੋਂ ਸਿੱਖ ਚਿਹਰੇ ‘ਤੇ ਦਾਅ
ਚੰਡੀਗੜ੍ਹ, 28 ਮਈ (ਪੰਜਾਬ ਮੇਲ)- ਪੰਜਾਬ ‘ਚ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਭਾਜਪਾ ਹਾਈਕਮਾਨ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਜੁਲਾਈ ‘ਚ ਖਤਮ ਹੋ ਰਿਹਾ ਹੈ ਅਤੇ ਇਸ ਕੇਵਲ ਸਿੰਘ ਢਿੱਲੋਂ ਵਜੋਂ ਨਵੀਂ ਨਿਯੁਕਤੀ ਤੋਂ ਬਾਅਦ ਹੁਣ ਪੰਜਾਬ ਭਾਜਪਾ ਵਿਚ ਨਵੇਂ ਦੌਰ ਦੀ ਸ਼ੁਰੂਆਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਨਿਯੁਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਹੁਕਮਾਂ ਮੁਤਾਬਕ ਕੀਤੀ ਗਈ। ਲਿਹਾਜ਼ਾ ਢਿੱਲੋਂ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ।
ਭਾਜਪਾ ਲੰਮੇ ਸਮੇਂ ਤੋਂ ਪੰਜਾਬ ਵਿਚ ਆਪਣੀ ਪਕੜ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ, ਪਰ ਪਿੰਡਾਂ ਅਤੇ ਕਿਸਾਨ ਵਰਗ ਵਿਚ ਪਾਰਟੀ ਦੀ ਪਹੁੰਚ ਸੀਮਤ ਰਹੀ ਹੈ। ਇਸੇ ਲਈ ਇੱਕ ਸਿੱਖ ਆਗੂ ਨੂੰ ਸੂਬੇ ਦੀ ਕਮਾਂਡ ਦੇਣਾ ਭਾਜਪਾ ਦੀ ਸੋਚ-ਸਮਝ ਕੇ ਬਣਾਈ ਗਈ ਰਣਨੀਤੀ ਮੰਨੀ ਜਾ ਰਹੀ ਹੈ। ਇਸ ਨਾਲ ਭਾਜਪਾ ਆਪਣੇ ਰਵਾਇਤੀ ਹਿੰਦੂ ਵੋਟ ਬੈਂਕ ਤੋਂ ਬਾਹਰ ਨਿਕਲ ਕੇ ਵੱਡੇ ਸਮਾਜਿਕ ਵਰਗਾਂ ਵਿਚ ਦਾਖਲ ਹੋਣਾ ਚਾਹੁੰਦੀ ਹੇ
ਕੇਵਲ ਸਿੰਘ ਢਿੱਲੋਂ, ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਚ ਸਰਗਰਮ ਸਨ। 75 ਸਾਲਾ ਕੇਵਲ ਸਿੰਘ ਢਿੱਲੋਂ, ਜੋ ਕਿ ਜੂਨ 2022 ‘ਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, 2007 ਤੋਂ 2017 ਤੱਕ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਇਕ ਸਫਲ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ। ਕੇਵਲ ਢਿੱਲੋਂ ਦਾ ਮਾਲਵਾ ਦੀ ਸਿਆਸਤ ਵਿਚ ਵੱਡਾ ਆਧਾਰ ਹੈ ਅਤੇ ਮਾਲਵਾ ਦਾ ਸਿਆਸਤ ਹੀ ਪੰਜਾਬ ਵਿਚ ਅਸਲ ਦਿਸ਼ਾ ਤੈਅ ਕਰਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਆਉਂਦੇ ਜੁਲਾਈ ਮਹੀਨੇ ‘ਚ ਖਤਮ ਹੋ ਰਿਹਾ ਹੈ। ਜਾਖੜ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਹਾਈਕਮਾਂਡ ਨੇ ਨਵੇਂ ਚਿਹਰੇ ਦਾ ਐਲਾਨ ਕਰਕੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਪੰਜਾਬ ਦੀ ਭੂਗੋਲਿਕ ਅਤੇ ਸਮਾਜਿਕ ਸਥਿਤੀ ਨੂੰ ਦੇਖਦਿਆਂ ਪਾਰਟੀ ਲੰਬੇ ਸਮੇਂ ਤੋਂ ਸੂਬੇ ਵਿਚ ਇੱਕ ਮਜ਼ਬੂਤ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਗਠਨ ਮੰਤਰੀ ਸ੍ਰੀਨਿਵਾਸਲੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗੇ ਸੀਨੀਅਰ ਆਗੂ ਲਗਾਤਾਰ ਇਸ ਗੱਲ ਦੀ ਵਕਾਲਤ ਕਰ ਰਹੇ ਸਨ ਕਿ ਸੂਬਾ ਇਕਾਈ ਦੀ ਅਗਵਾਈ ਕਿਸੇ ਪ੍ਰਭਾਵਸ਼ਾਲੀ ਸਿੱਖ ਆਗੂ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ। ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨਾਲ ਹਾਈਕਮਾਂਡ ਨੇ ਇਸ ਰਣਨੀਤੀ ‘ਤੇ ਮੋਹਰ ਲਗਾ ਦਿੱਤੀ ਹੈ।
ਪੰਜਾਬ ਵਿਚ ਭਾਜਪਾ ਲਈ 2027 ਦੀਆਂ ਚੋਣਾਂ ਇੱਕ ਵੱਡੀ ਅਗਨੀ ਪ੍ਰੀਖਿਆ ਵਜੋਂ ਸਾਹਮਣੇ ਆ ਰਹੀਆਂ ਹਨ। ਕੇਵਲ ਸਿੰਘ ਢਿੱਲੋਂ ਲਈ ਸਭ ਤੋਂ ਵੱਡੀ ਚੁਣੌਤੀ ਪਾਰਟੀ ਦਾ ਜਨਅਧਾਰ ਵਧਾਉਣਾ, ਨਵੇਂ ਵਰਗਾਂ ਨੂੰ ਜੋੜਨਾ ਅਤੇ ਪਿੰਡਾਂ ਵਿਚ ਪਕੜ ਬਣਾਉਣਾ ਹੋਵੇਗਾ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਢਿੱਲੋਂ ਆਪਣੀ ਨਵੀਂ ਭੂਮਿਕਾ ਵਿਚ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿਚ ਮਜ਼ਬੂਤ ਵਿਕਲਪ ਵਜੋਂ ਖੜ੍ਹਾ ਕਰ ਸਕਦੇ ਹਨ ਜਾਂ ਨਹੀਂ।
ਕੇਵਲ ਸਿੰਘ ਢਿੱਲੋਂ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ

