-ਸੜਕੀ ਪ੍ਰਾਜੈਕਟ ‘ਚ ਭ੍ਰਿਸ਼ਟਾਚਾਰ ਦਾ ਮਾਮਲਾ
ਨਵੀਂ ਦਿੱਲੀ, 5 ਅਕਤੂਬਰ (ਪੰਜਾਬ ਮੇਲ)- ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਥਲਾ ਨੇ ਕੇ.ਐੱਸ.ਟੀ.ਪੀ. ਰੋਡ ਵਰਕ ਪ੍ਰਾਜੈਕਟ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪ੍ਰਾਜੈਕਟ ਨਾਲ ਜੁੜੇ ਮਲੇਸ਼ਿਆਈ ਇੰਜਨੀਅਰ ਦੀ 2006 ਵਿਚ ਮੌਤ ਮਾਮਲੇ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਗਿਆਨੇਸ਼ ਕੁਮਾਰ ਉਸ ਮੌਕੇ ਰਾਜ ਵਿਚ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ‘ਚ ਸਕੱਤਰ ਵਜੋਂ ਸੇਵਾਵਾ ਨਿਭਾ ਰਹੇ ਸਨ। ਹੁਕਮਰਾਨ ਯੂ.ਡੀ.ਐੱਫ. ਅਤੇ ਵਿਰੋਧੀ ਧਿਰ ਐੱਲ.ਡੀ.ਐੱਫ. ਨੇ ਜਾਂਚ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਇਹ ਹੁਕਮ ਅਜਿਹੇ ਮੌਕੇ ਦਿੱਤੇ ਗਏ ਹਨ, ਜਦੋਂ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇਸ਼ ਵਿਚ ਵੋਟਰ ਸੂਚੀਆਂ ਦੀ ਸੁਧਾਈ ‘ਚ ਕਥਿਤ ਬੇਨੇਮੀਆਂ ਦੇ ਹਵਾਲੇ ਨਾਲ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਉੱਤੇ ਬਜ਼ਿੱਦ ਹਨ। ਗਿਆਨੇਸ਼ ਕੁਮਾਰ ਕੇਰਲਮ ਕੇਡਰ ਦੇ ਆਈ.ਏ.ਐੱਸ. ਅਧਿਕਾਰੀ ਹਨ, ਜਿਨ੍ਹਾਂ ਕੇਂਦਰੀ ਮੰਤਰਾਲੇ ਵਿਚ ਜਾਣ ਤੋਂ ਪਹਿਲਾਂ ਰਾਜ ਵਿਚ ਵੱਖ-ਵੱਖ ਵਿਭਾਗਾਂ ਦੀ ਅਗਵਾਈ ਕੀਤੀ ਹੈ।
ਕਾਂਗਰਸੀ ਆਗੂ ਐੱਮ. ਵੇਣੂਗੋਪਾਲ ਵੱਲੋਂ ਗਿਆਨੇਸ਼ ਕੁਮਾਰ ਖ਼ਿਲਾਫ਼ ਦਰਜ ਸ਼ਿਕਾਇਤ ਮਗਰੋਂ ਚੈਨੀਥਲਾ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਸ਼ਿਕਾਇਤ ਦੀ ਘੋਖ ਕੀਤੀ ਤੇ ਪਹਿਲੀ ਨਜ਼ਰੇ ਦੋਸ਼ਾਂ ਵਿਚ ਦਮ ਲੱਗਾ। ਉਨ੍ਹਾਂ ਕਿਹਾ, ”ਮੈਨੂੰ ਲੱਗਦਾ ਹੈ ਕਿ ਵਿਸਥਾਰਤ ਵਿਜੀਲੈਂਸ ਜਾਂਚ ਜ਼ਰੂਰੀ ਹੈ।” ਚੈਨੀਥਲਾ ਨੇ ਕਿਹਾ ਕਿ ਵਿਜੀਲੈਂਸ ਡਾਇਰੈਕਟਰ ਮਨੋਜ ਅਬਰਾਹਿਮ ਨੂੰ ਲੋੜੀਂਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨਾਲ ਇਸ ਬਾਰੇ ਗੱਲ ਕੀਤੀ ਹੈ। ਕੇਰਲਮ ਸਟੇਟ ਟਰਾਂਸਪੋਰਟ ਪ੍ਰਾਜੈਕਟ ਨੇ 2006 ਵਿਚ ਅੰਗਾਮਾਲੀ ਤੋਂ ਤਿਰੂਵਨੰਤਪੁਰਮ ਤੱਕ ਐੱਮ.ਸੀ. ਰੋਡ ਦੇ ਮੁੜ ਨਿਰਮਾਣ ਲਈ ਵਿਸ਼ਵ ਬੈਂਕ ਤੋਂ ਮਿਲਣ ਵਾਲੇ 215 ਕਰੋੜ ਰੁਪਏ ਦੇ ਫੰਡ ਨਾਲ ਪ੍ਰਾਜੈਕਟ ਸ਼ੁਰੂ ਕੀਤਾ ਸੀ।
ਕੇਰਲਮ ਦੇ ਗ੍ਰਹਿ ਮੰਤਰੀ ਵੱਲੋਂ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ

