#CANADA

ਐੱਨ.ਸੀ.ਏ.ਏ. ਬਾਸਕਟਬਾਲ ਖੇਡਣ ਵਾਲਾ ਪਹਿਲਾ ਦਸਤਾਰਧਾਰੀ ਖਿਡਾਰੀ ਬਣਿਆ ਈਸ਼ਰ ਸਿੰਘ

ਵੈਨਕੂਵਰ, 11 ਮਈ (ਪੰਜਾਬ ਮੇਲ)- ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਇੱਕ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ‘ਚ ਇਤਿਹਾਸ ਰਚ ਦਿੱਤਾ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ ਐੱਨ.ਸੀ.ਏ.ਏ. ਡਿਵੀਜ਼ਨ-1 ਦੀ ਟੀਮ ਨਾਲ ਜੁੜ ਕੇ ਇੱਕ ਵਿਲੱਖਣ ਮਾਣ ਹਾਸਲ ਕੀਤਾ ਹੈ।
ਜਾਣਕਾਰੀ ਅਨੁਸਾਰ ਈਸ਼ਰ ਸਿੰਘ ਸਰਾਏ ਨੇ ਹਾਲ ਹੀ ਵਿਚ ਅਮਰੀਕਾ ਦੀ ਵਿੰਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ। ਇਸ ਦੇ ਨਾਲ ਹੀ ਉਹ ਐੱਨ.ਸੀ.ਏ.ਏ. ਡਿਵੀਜ਼ਨ-1 ਬਾਸਕਟਬਾਲ ਵਿਚ ਖੇਡਣ ਵਾਲੇ ਪਹਿਲੇ ਦਸਤਾਰਧਾਰੀ ਖਿਡਾਰੀ ਬਣ ਗਏ ਹਨ, ਜਿਸ ਕਾਰਨ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ। ਖੇਡ ਮਾਹਿਰਾਂ ਅਨੁਸਾਰ ਇਹ ਪ੍ਰਾਪਤੀ ਨਾ ਸਿਰਫ਼ ਈਸ਼ਰ ਸਿੰਘ ਲਈ, ਸਗੋਂ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਮੋੜ ਵਜੋਂ ਵੇਖੀ ਜਾ ਰਹੀ ਹੈ। ਬਾਸਕਟਬਾਲ ਵਰਗੀ ਮੁਕਾਬਲੇਬਾਜ਼ ਖੇਡ ਵਿਚ ਪੱਗ ਅਤੇ ਦਾੜ੍ਹੀ ਨਾਲ ਆਪਣੀ ਪਛਾਣ ਨੂੰ ਕਾਇਮ ਰੱਖਦਿਆਂ ਉੱਚ ਪੱਧਰ ‘ਤੇ ਪਹੁੰਚਣਾ ਕਈ ਨੌਜਵਾਨਾਂ ਲਈ ਪ੍ਰੇਰਣਾ ਬਣ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਈਸ਼ਰ ਸਿੰਘ ਸਰਾਏ ਨੇ ਸਕੂਲੀ ਅਤੇ ਕਲੱਬ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਹ ਅਮਰੀਕੀ ਕਾਲਜ ਬਾਸਕਟਬਾਲ ਸਕਾਊਟਾਂ ਦੀ ਨਜ਼ਰ ਵਿਚ ਆਏ। ਹੁਣ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਸਰੀ ਅਤੇ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਮਾਣ ਨਾਲ ਦੇਖਿਆ ਜਾ ਰਿਹਾ ਹੈ।