ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਜਰਮਨੀ ਨੂੰ ਚੇਤਾਵਨੀ ਦਿੰਦੇ ਹੋਏ ਸੰਕੇਤ ਦਿੱਤਾ ਕਿ ਉਹ ਉੱਥੇ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦੇ ਹਨ। ਇਹ ਬਿਆਨ ਈਰਾਨ ਅਤੇ ਅਮਰੀਕਾ-ਇਜ਼ਰਾਈਲ ਯੁੱਧ ਨੂੰ ਲੈ ਕੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨਾਲ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਹੈ। ਮਰਜ਼ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਈਰਾਨੀ ਲੀਡਰਸ਼ਿਪ ਦੇ ਸਾਹਮਣੇ ਅਮਰੀਕਾ ”ਅਪਮਾਨਿਤ” ਹੋ ਰਿਹਾ ਹੈ ਅਤੇ ਨਾਲ ਹੀ ਜੰਗ ਵਿਚ ਵਾਸ਼ਿੰਗਟਨ ਦੀ ਰਣਨੀਤੀ ‘ਤੇ ਸਵਾਲ ਉਠਾਏ ਹਨ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਅਮਰੀਕਾ ਜਰਮਨੀ ਵਿਚ ਫੌਜਾਂ ਦੀ ਤਾਇਨਾਤੀ ਨੂੰ ਘਟਾਉਣ ਦੀ ਸੰਭਾਵਨਾ ਦੀ ਸਮੀਖਿਆ ਕਰ ਰਿਹਾ ਹੈ ਅਤੇ ਜਲਦੀ ਹੀ ਫੈਸਲਾ ਲਵੇਗਾ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਘੱਟ ਅਮਰੀਕੀ ਰੱਖਿਆ ਖਰਚ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਫੌਜਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ। 2020 ਵਿਚ ਉਸਨੇ ਲਗਭਗ 34,500 ਤੋਂ 9,500 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਪ੍ਰਸਤਾਵ ਰੱਖਿਆ, ਪਰ ਇਹ ਯੋਜਨਾ ਅਮਲ ਵਿਚ ਨਹੀਂ ਆ ਸਕੀ। ਰਾਸ਼ਟਰਪਤੀ ਜੋਅ ਬਾਇਡਨ ਨੇ ਬਾਅਦ ਵਿਚ 2021 ਵਿਚ ਇਸ ਫੈਸਲੇ ਨੂੰ ਉਲਟਾ ਦਿੱਤਾ। ਜਰਮਨੀ ਵਿਚ ਕਈ ਮੁੱਖ ਅਮਰੀਕੀ ਫੌਜੀ ਅੱਡੇ ਹਨ, ਜਿਨ੍ਹਾਂ ਵਿਚ ਯੂਰਪੀਅਨ ਅਤੇ ਅਫਰੀਕੀ ਕਮਾਂਡ ਹੈੱਡਕੁਆਰਟਰ, ਰਾਮਸਟਾਈਨ ਏਅਰ ਬੇਸ ਅਤੇ ਇੱਕ ਖੇਤਰੀ ਮੈਡੀਕਲ ਸੈਂਟਰ ਸ਼ਾਮਲ ਹਨ। ਮਰਜ਼ ਨੇ ਕਿਹਾ ਕਿ ਉਨ੍ਹਾਂ ਦੇ ਟਰੰਪ ਨਾਲ ਚੰਗੇ ਸਬੰਧ ਹਨ, ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਈਰਾਨ ਯੁੱਧ ਬਾਰੇ ਇਤਰਾਜ਼ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟਕਰਾਅ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਖਾਸ ਕਰਕੇ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ, ਜਿਸ ਵਿਚੋਂ ਦੁਨੀਆਂ ਦਾ ਲਗਭਗ 20 ਪ੍ਰਤੀਸ਼ਤ ਤੇਲ ਲੰਘਦਾ ਹੈ। ਟਰੰਪ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ, ”ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਸੋਚਦੇ ਹਨ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਹੋਣਾ ਠੀਕ ਹੈ। ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ।” ਟਰੰਪ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ”ਜਰਮਨੀ ਆਰਥਿਕ ਤੌਰ ‘ਤੇ ਅਤੇ ਹੋਰ ਮਾਮਲਿਆਂ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ।”
ਈਰਾਨ ਨਾਲ ਤਣਾਅ ਵਿਚਕਾਰ ਟਰੰਪ ਵੱਲੋਂ ਜਰਮਨੀ ਨੂੰ ਵੀ ਚੇਤਾਵਨੀ

