ਇਸ ਹਫ਼ਤੇ ਸਬੰਧਤ ਖਰੜਾ ਕਾਨੂੰਨ ਹੋਵੇਗਾ ਸੰਸਦ ‘ਚ ਪੇਸ਼
ਮੈਲਬਰਨ, 30 ਜੂਨ (ਪੰਜਾਬ ਮੇਲ)- ਆਸਟ੍ਰੇਲੀਆ ਫੇਸਬੁੱਕ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਸੰਭਾਵੀ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀ ‘ਚ ਹੈ। ਇਹ ਪਲੇਟਫਾਰਮ ਆਸਟ੍ਰੇਲਿਆਈ ਬੱਚਿਆਂ ਨੂੰ ਸੋਸ਼ਲ ਮੀਡੀਆ ਖਾਤੇ ਬਣਾਉਣ ਤੋਂ ਰੋਕਣ ਵਿਚ ਨਾਕਾਮ ਰਹੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਐਨਿਕਾ ਵੈੱਲਜ਼ ਨੇ ਸੋਮਵਾਰ ਨੂੰ ਕਿਹਾ ਕਿ 10 ਦਸੰਬਰ ਤੋਂ ਅਮਲ ਵਿਚ ਆਏ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਲੋੜ ਪਈ ਕਿਉਂਕਿ ਇਨ੍ਹਾਂ ਪਲੇਟਫਾਰਮਾਂ ਨੇ ਉਮਰ ਨਾਲ ਜੁੜੀਆਂ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵੈੱਲਜ਼ ਨੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ”ਅਸੀਂ ਸਾਰੇ ਇਸ ਗੱਲੋਂ ਸਹਿਮਤ ਹਾਂ ਕਿ ਇਹ ਸਕੀਮ ਹੁਣ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਕੰਮ ਕਰੇ, ਪਰ ਵੱਡੀਆਂ ਟੈੱਕ ਕੰਪਨੀਆਂ ਇਸ ਨੂੰ ਹਲਕੇ ਵਿਚ ਲੈ ਰਹੀਆਂ ਹਨ ਤੇ ਮਜ਼ਾਕ ਬਣਾਇਆ ਜਾ ਰਿਹਾ ਹੈ।” ਐਲਬਨੀਜ਼ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਲੋੜੀਂਦੀ ਪੇਸ਼ਕਦਮੀ ‘ਚ ਨਾਕਾਮ ਪਲੇਟਫਾਰਮਾਂ ਨੂੰ ਲਾਏ ਜਾਣ ਵਾਲੇ ਵੱਧ ਤੋਂ ਵੱਧ 9.9 ਕਰੋੜ ਆਸਟ੍ਰੇਲੀਅਨ ਡਾਲਰ (6.8 ਕਰੋੜ ਅਮਰੀਕੀ ਡਾਲਰ) ਦੇ ਜੁਰਮਾਨੇ ਨੂੰ ਦੁੱਗਣਾ ਕਰਨ ਸਬੰਧੀ ਕਾਨੂੰਨ ਦਾ ਖਰੜਾ ਇਸ ਹਫ਼ਤੇ ਸੰਸਦ ਵਿਚ ਪੇਸ਼ ਕਰੇਗੀ। ਤਜਵੀਜ਼ਤ ਸੋਧਾਂ ਨਾਲ ਈ-ਸੇਫਟੀ ਕਮਿਸ਼ਨਰ ਜੂਲੀ ਇਨਮਾਨ ਗ੍ਰਾਂਟ, ਜੋ ਆਸਟ੍ਰੇਲੀਆ ਦੇ ਆਨਲਾਈਨ ਸੁਰੱਖਿਆ ਨਿਗਰਾਨ ਹਨ, ਦੀਆਂ ਤਾਕਤਾਂ ‘ਚ ਵੀ ਇਜ਼ਾਫ਼ਾ ਹੋਵੇਗਾ।
ਆਸਟ੍ਰੇਲੀਆ ‘ਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀ

