#PUNJAB

‘ਆਪ’ ਵਿਧਾਇਕ ਪਠਾਣਮਾਜਰਾ ਜੇਲ੍ਹ ਤੋਂ ਰਿਹਾਅ

-ਬਾਹਰ ਆਉਂਦੇ ਹੀ ਸਰਕਾਰ ਅਤੇ ਪਾਰਟੀ ‘ਤੇ ਲਗਾਏ ਵੱਡੇ ਦੋਸ਼
ਪਟਿਆਲਾ, 1 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੈਗੂਲਰ ਜ਼ਮਾਨਤ ਮਿਲਣ ਤੋਂ ਬਾਅਦ ਐਤਵਾਰ ਨੂੰ ਬਠਿੰਡਾ ਸੈਂਟਰਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦੇ ਹੀ ਪਠਾਣਮਾਜਰਾ ਨੇ ਆਪਣੇ ਖ਼ਿਲਾਫ਼ ਦਰਜ ਕੇਸਾਂ ਨੂੰ ”ਰਾਜਨੀਤਿਕ ਸਾਜ਼ਿਸ਼” ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਸਨੂੰ ਆਪਣੇ ਹਲਕੇ ਦੇ ਮੁੱਦੇ ਚੁੱਕਣ ਕਾਰਨ ਨਿਸ਼ਾਨਾ ਬਣਾਇਆ ਗਿਆ।
ਪਠਾਣਮਾਜਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਪੰਜਾਬ ਸਰਕਾਰ ਸਨੌਰ ਹਲਕੇ ਦੀਆਂ ਮੰਗਾਂ ਪੂਰੀਆਂ ਕਰੇ, ਪਾਣੀ ਸਪਲਾਈ, ਡਰੇਨਾਂ ਦੀ ਸਫ਼ਾਈ ਅਤੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰੇ, ਤਾਂ ਉਹ ਸਰਕਾਰ ਦੇ ਨਾਲ ਖੜ੍ਹਨ ਲਈ ਤਿਆਰ ਹੈ। ਉਸਨੇ ਇਹ ਵੀ ਕਿਹਾ ਕਿ ਲੋਕਾਂ ਨੇ ਉਸਨੂੰ ਆਪਣੇ ਇਲਾਕੇ ਦੀ ਆਵਾਜ਼ ਉਠਾਉਣ ਲਈ ਚੁਣਿਆ ਸੀ, ਪਰ ਉਸਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਸਨੂੰ ਜੇਲ੍ਹ ਭੇਜਿਆ ਗਿਆ।
ਹਾਈਕੋਰਟ ਨੇ ਜ਼ਮਾਨਤ ਦਿੰਦਿਆਂ ਪਠਾਣਮਾਜਰਾ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਅਤੇ ਮਹੀਨੇ ਵਿਚ ਦੋ ਵਾਰ ਸਬੰਧਤ ਪੁਲਿਸ ਥਾਣੇ ਵਿਚ ਹਾਜ਼ਰੀ ਲਗਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਕੇਵਲ ਫਰਾਰ ਐਲਾਨੇ ਜਾਣ ਜਾਂ ਹੋਰ ਕੇਸ ਦਰਜ ਹੋਣ ਦੇ ਆਧਾਰ ‘ਤੇ ਜ਼ਮਾਨਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਪਠਾਣਮਾਜਰਾ ਖ਼ਿਲਾਫ਼ ਸਤੰਬਰ 2025 ਵਿਚ ਬਲਾਤਕਾਰ, ਧੋਖਾਧੜੀ ਅਤੇ ਧਮਕਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਹੋਇਆ ਸੀ। ਦੋਸ਼ ਲਗਾਉਣ ਵਾਲੀ ਮਹਿਲਾ ਨੇ ਕਿਹਾ ਸੀ ਕਿ ਵਿਧਾਇਕ ਨੇ ਆਪਣੇ ਵਿਆਹਸ਼ੁਦਾ ਹੋਣ ਦੀ ਗੱਲ ਲੁਕਾ ਕੇ ਉਸ ਨਾਲ ਰਿਸ਼ਤਾ ਬਣਾਇਆ। ਇਸ ਤੋਂ ਇਲਾਵਾ ਉਸਦੇ ਖ਼ਿਲਾਫ਼ ਗੈਰਕਾਨੂੰਨੀ ਮਾਈਨਿੰਗ ਦਾ ਕੇਸ ਵੀ ਦਰਜ ਹੋਇਆ ਸੀ।
ਮਾਰਚ 2026 ਵਿਚ ਪੰਜਾਬ ਪੁਲਿਸ ਨੇ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ-ਗਵਾਲੀਅਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਉਹ ਲਗਭਗ ਸੱਤ ਮਹੀਨੇ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ ਅਤੇ ਉਸਨੂੰ ਪ੍ਰੋਕਲੇਮਡ ਆਫੈਂਡਰ ਵੀ ਘੋਸ਼ਿਤ ਕੀਤਾ ਗਿਆ ਸੀ।
ਹੁਣ ਜ਼ਮਾਨਤ ਮਿਲਣ ਨਾਲ ਪਠਾਣਮਾਜਰਾ ਮੁੜ ਸਿਆਸੀ ਮੈਦਾਨ ਵਿਚ ਸਰਗਰਮ ਹੋਣ ਦੇ ਸੰਕੇਤ ਦੇ ਰਿਹਾ ਹੈ। ਪੰਜਾਬ ਦੀ ਸਿਆਸਤ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੀ ਉਹ ਮੁੜ ਆਮ ਆਦਮੀ ਪਾਰਟੀ ਨਾਲ ਨਜ਼ਦੀਕੀਆਂ ਬਣਾਏਗਾ ਜਾਂ ਆਪਣੀ ਵੱਖਰੀ ਰਾਜਨੀਤਿਕ ਲਾਈਨ ਅਪਣਾਏਗਾ। ਹਾਲਾਂਕਿ ਉਸਦੇ ਖ਼ਿਲਾਫ਼ ਚੱਲ ਰਹੇ ਕੇਸਾਂ ਦੀ ਅਦਾਲਤੀ ਸੁਣਵਾਈ ਅਜੇ ਵੀ ਜਾਰੀ ਰਹੇਗੀ।