#AMERICA

ਅਮਰੀਕੀ ਨਿਆਂ ਵਿਭਾਗ ਵਲੋਂ ਅਡਾਨੀ ਖਿਲਾਫ ਕੇਸ ਪੱਕੇ ਤੌਰ ‘ਤੇ ਬੰਦ

-ਅਪਰਾਧਿਕ ਮਾਮਲਿਆਂ ਦੀ ਪੈਰਵੀ ਨਹੀਂ ਕਰ ਸਕਦੇ:
ਨਿਊਯਾਰਕ, 19 ਮਈ (ਪੰਜਾਬ ਮੇਲ)- ਅਮਰੀਕੀ ਨਿਆ ਵਿਭਾਗ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਖ਼ਿਲਾਫ਼ ਲਗਾਏ ਗਏ ਸਾਰੇ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ‘ਤੇ ਵਾਪਸ ਲੈ ਲਿਆ ਹੈ। ਇਸ ਫੈਸਲੇ ਨਾਲ ਨਿਊਯਾਰਕ ਦੀ ਅਦਾਲਤ ਵਿਚ ਚੱਲ ਰਿਹਾ ਬਹੁਚਰਚਿਤ ਸਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਅਮਰੀਕੀ ਵਕੀਲਾਂ ਨੇ ਅਦਾਲਤ ਵਿਚ ਦਸਤਾਵੇਜ਼ ਪੇਸ਼ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਦੀ ਪੈਰਵੀ ਕਰਨ ਦੇ ਸਮਰੱਥ ਨਹੀਂ ਹਨ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਵਿਚ ਅਮਰੀਕਾ ਅੰਦਰ ਅਡਾਨੀ ਸਮੂਹ ਨਾਲ ਸਬੰਧਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਹਨ।
ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਅਦਾਲਤ ਵਿਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਹੈ ਕਿ ਉਹ ਇਨ੍ਹਾਂ ਅਪਰਾਧਿਕ ਦੋਸ਼ਾਂ ‘ਤੇ ਹੁਣ ਹੋਰ ਸਮਾਂ ਬਰਬਾਦ ਨਹੀਂ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ‘ਸਥਾਈ ਤੌਰ ‘ਤੇ ਖਾਰਜ’ ਕਰ ਦਿੱਤਾ, ਜਿਸ ਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਵਿਚ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ। ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪਿਛਲੇ ਹਫ਼ਤੇ ਹੀ ਅਮਰੀਕੀ ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.) ਨੇ ਸੌਰ ਊਰਜਾ ਪ੍ਰਾਜੈਕਟਾਂ ਨਾਲ ਸਬੰਧਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਵਿਚ ਸਿਵਲ ਦੋਸ਼ਾਂ ਦਾ ਨਿਪਟਾਰਾ ਕੀਤਾ ਸੀ, ਜਿਸ ਵਿਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ 60 ਲੱਖ ਡਾਲਰ ਅਤੇ ਸਾਗਰ ਅਡਾਨੀ ਨੇ 120 ਲੱਖ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤੀ ਜਤਾਈ ਸੀ।
ਇਹ ਮਾਮਲਾ ਸਾਲ 2024 ਦੇ ਅੰਤ ਵਿਚ ਦਾਇਰ ਕੀਤਾ ਗਿਆ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਨਾਲ ਜੁੜੇ ਕਥਿਤ 26.5 ਕਰੋੜ ਡਾਲਰ ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਤੋਂ ਪੂੰਜੀ ਇਕੱਠੀ ਕੀਤੀ ਸੀ ਪਰ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਵਿਚ ਚਲਾ ਗਿਆ, ਜਦੋਂ ਜਾਂਚ ਦੌਰਾਨ ਅਮਰੀਕਾ ਨਾਲ ਕੋਈ ਸਿੱਧਾ ਸਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਠੋਸ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਅਤੇ ਕਾਨੂੰਨੀ ਸਲਾਹਕਾਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ ਹੈ।
ਅਮਰੀਕੀ ਅਦਾਲਤ ਵਿਚ 7 ਅਪ੍ਰੈਲ 2026 ਨੂੰ ਜਨਤਕ ਤੌਰ ‘ਤੇ ਦਾਖਲ ਕੀਤੇ ਗਏ ਦਸਤਾਵੇਜ਼ਾਂ ਵਿਚ ਅਡਾਨੀ ਦੇ ਵਕੀਲਾਂ ਨੇ ਐੱਸ.ਈ.ਸੀ. ਦੀ ਕਾਰਵਾਈ ਨੂੰ ਸਖ਼ਤ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਇਸ ਨੂੰ ਅਮਰੀਕੀ ਸਕਿਉਰਿਟੀਜ਼ ਕਾਨੂੰਨਾਂ ਦਾ ‘ਲੋੜ ਤੋਂ ਵੱਧ ਖੇਤਰੀ ਵਿਸਤਾਰ’ ਦੱਸਿਆ ਸੀ। ਕਾਨੂੰਨੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਸੀ ਕਿ ਐੱਸ.ਈ.ਸੀ. ਕੋਲ ਇਸ ਮਾਮਲੇ ਵਿਚ ਲੋੜੀਂਦਾ ਅਧਿਕਾਰ ਖੇਤਰ ਹੀ ਨਹੀਂ ਸੀ, ਉਹ ਕੋਈ ਠੋਸ ਗਲਤਬਿਆਨੀ ਸਾਬਤ ਨਹੀਂ ਕਰ ਸਕਿਆ ਅਤੇ ਨਾ ਹੀ ਕਿਸੇ ਬਚਾਅ ਪੱਖ ਦੇ ਮੈਂਬਰ ਨੂੰ ਬਾਂਡ ਜਾਰੀ ਕਰਨ ਦੀ ਪ੍ਰਕਿਰਿਆ ਨਾਲ ਸਿੱਧੇ ਤੌਰ ‘ਤੇ ਜੋੜਿਆ ਜਾ ਸਕਿਆ।
ਇਸ ਪੂਰੇ ਮਾਮਲੇ ਵਿਚ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਰਿਹਾ ਕਿ ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਵਿਨੀਤ ਜੈਨ ‘ਤੇ ਕੇਵਲ ਸਕਿਉਰਿਟੀਜ਼ ਅਤੇ ‘ਵਾਇਰ’ ਧੋਖਾਧੜੀ ਨਾਲ ਜੁੜੀਆਂ ਧਾਰਾਵਾਂ ਤਹਿਤ ਹੀ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੂੰ ਵਧੇਰੇ ਗੰਭੀਰ ਮੰਨੇ ਜਾਣ ਵਾਲੇ ਫੌਰਨ ਕੁਰੱਪਟ ਪ੍ਰੈਕਟਿਸਿਜ਼ ਐਕਟ (ਐੱਫ.ਸੀ.ਪੀ.ਏ.) ਦੇ ਰਿਸ਼ਵਤਖੋਰੀ ਜਾਂ ਜਾਂਚ ਵਿਚ ਰੁਕਾਵਟ ਪਾਉਣ ਵਰਗੇ ਦੋਸ਼ਾਂ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਸਮੀਖਿਆ ਤੋਂ ਬਾਅਦ ਕੇਸ ਦਾ ਆਧਾਰ ਕਮਜ਼ੋਰ ਹੋ ਗਿਆ ਅਤੇ ਅਮਰੀਕੀ ਨਿਆਂ ਵਿਭਾਗ ਨੇ ਇਸ ਮਾਮਲੇ ਨੂੰ ਸਥਾਈ ਤੌਰ ‘ਤੇ ਬੰਦ ਕਰਨ ਦਾ ਕਦਮ ਚੁੱਕਿਆ।