– ਵੰਡ ਤੋਂ ਪਹਿਲਾਂ ਵਾਲੇ ਲਾਹੌਰ ਦੀਆਂ ਗਲੀਆਂ ਦੇ ਨਾਂ ਹੋਣਗੇ ਬਹਾਲ
ਲਾਹੌਰ, 19 ਮਈ (ਪੰਜਾਬ ਮੇਲ)- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਦੀਆਂ ਕਈ ਸੜਕਾਂ ਅਤੇ ਗਲੀਆਂ ਦੇ ਪੁਰਾਣੇ ਨਾਂ ਬਹਾਲ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਮਕਸਦ ਸ਼ਹਿਰ ਦੀ ਵੰਡ ਤੋਂ ਪਹਿਲਾਂ ਦੀ ਵਿਰਾਸਤ ਨੂੰ ਸੁਰਜੀਤ ਕਰਨਾ ਹੈ।
ਪਿਛਲੇ ਦਹਾਕਿਆਂ ਦੌਰਾਨ ਲਾਹੌਰ ਦੀਆਂ ਕਈ ਇਤਿਹਾਸਕ ਸੜਕਾਂ, ਗਲੀਆਂ ਅਤੇ ਰਸਤਿਆਂ ਦੇ ਨਾਂ ਬਦਲ ਦਿੱਤੇ ਗਏ ਸਨ, ਜਿਸ ਤਹਿਤ ਬਰਤਾਨਵੀ ਕਾਲ ਅਤੇ ਹਿੰਦੂ ਨਾਵਾਂ ਦੀ ਥਾਂ ਇਸਲਾਮੀ, ਪਾਕਿਸਤਾਨੀ ਜਾਂ ਸਥਾਨਕ ਹਸਤੀਆਂ ਦੇ ਨਾਂ ਰੱਖ ਦਿੱਤੇ ਗਏ ਸਨ। ਪੰਜਾਬ ਸਰਕਾਰ ਦੇ ਅਧਿਕਾਰੀ ਨੇ ਦੱਸਿਆ, ”ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਾਹੌਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੀਆਂ ਵੱਖ-ਵੱਖ ਸੜਕਾਂ ਅਤੇ ਗਲੀਆਂ ਦੇ ਅਸਲ ਤੇ ਇਤਿਹਾਸਕ ਨਾਂ ਬਹਾਲ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ।” ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਇਸ ਇਤਿਹਾਸਕ ਸ਼ਹਿਰ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਨੂੰ ਸੁਰਜੀਤ ਕਰਨ ਲਈ ਲਿਆ ਗਿਆ ਹੈ।
ਲਾਹੌਰ ਦੀਆਂ ਜਿਨ੍ਹਾਂ ਇਤਿਹਾਸਕ ਸੜਕਾਂ ਤੇ ਗਲੀਆਂ ਦੇ ਨਾਂ ਪਿਛਲੀਆਂ ਸਰਕਾਰਾਂ ਨੇ ਬਦਲੇ ਸਨ, ਉਨ੍ਹਾਂ ਵਿਚ ਕੁਈਨਜ਼ ਰੋਡ, ਜੇਲ੍ਹ ਰੋਡ, ਡੇਵਿਸ ਰੋਡ, ਲਾਰੈਂਸ ਰੋਡ, ਐਂਪਰੈੱਸ ਰੋਡ, ਕ੍ਰਿਸ਼ਨ ਨਗਰ, ਸੰਤਨਗਰ, ਧਰਮਪੁਰਾ, ਬ੍ਰੈਂਡਰਥ ਰੋਡ, ਰਾਮ ਗਲੀ, ਟੈਂਪਲ ਸਟ੍ਰੀਟ, ਲਕਸ਼ਮੀ ਚੌਕ, ਜੈਨ ਮੰਦਰ ਰੋਡ, ਕੁਮਹਾਰਪੁਰਾ, ਮੋਹਨ ਲਾਲ ਬਾਜ਼ਾਰ, ਸੁੰਦਰ ਦਾਸ ਰੋਡ, ਭਗਵਾਨਪੁਰਾ, ਸ਼ਾਂਤੀ ਨਗਰ ਅਤੇ ਆਊਟਫਾਲ ਰੋਡ ਸ਼ਾਮਲ ਹਨ। ਨਵਾਜ਼ ਸ਼ਰੀਫ਼ ਨੇ ਮਿੰਟੋ ਪਾਰਕ (ਗ੍ਰੇਟਰ ਇਕਬਾਲ ਪਾਰਕ) ‘ਚ ਤਿੰਨ ਕ੍ਰਿਕਟ ਮੈਦਾਨਾਂ ਅਤੇ ਰਵਾਇਤੀ ‘ਅਖਾੜੇ’ ਨੂੰ ਵੀ ਬਹਾਲ ਕਰਨ ਦੀ ਤਜਵੀਜ਼ ਦਿੱਤੀ ਹੈ।
ਉਨ੍ਹਾਂ ਦੇ ਭਰਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ 2015 ਵਿਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰੀ ਵਿਕਾਸ ਪ੍ਰੋਗਰਾਮ ਤਹਿਤ ਤਿੰਨ ਇਤਿਹਾਸਕ ਕ੍ਰਿਕਟ ਮੈਦਾਨਾਂ, ਕ੍ਰਿਕਟ ਕਲੱਬਾਂ ਦੇ ਖੇਤਰਾਂ ਅਤੇ ਕੁਸ਼ਤੀ ਅਖਾੜੇ ਨੂੰ ਢਾਹੁਣ ਲਈ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਵਰਗੇ ਕਈ ਕ੍ਰਿਕਟਰਾਂ ਨੇ ਮਿੰਟੋ ਪਾਰਕ ਦੇ ਇਨ੍ਹਾਂ ਕ੍ਰਿਕਟ ਕਲੱਬਾਂ ਵਿਚ ਸਿਖਲਾਈ ਲਈ ਸੀ। ਦੇਸ਼ ਵੰਡ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਲਾਲਾ ਅਮਰਨਾਥ ਵੀ ਇਨ੍ਹਾਂ ਕਲੱਬਾਂ ਵਿਚ ਸਿਖਲਾਈ ਲਈ ਜਾਂਦੇ ਸਨ। ਮਿੰਟੋ ਪਾਰਕ ਵਿਚ ਢਾਹੇ ਗਏ ਕੁਸ਼ਤੀ ਅਖਾੜੇ ‘ਚ ਕਦੇ ਗੂੰਗਾ ਪਹਿਲਵਾਨ, ਇਮਾਮ ਬਖਸ਼ ਅਤੇ ਗਾਮਾ ਪਹਿਲਵਾਨ ਵਰਗੇ ਦਿੱਗਜਾਂ ਦੇ ਮੁਕਾਬਲੇ ਦੇਖਣ ਨੂੰ ਮਿਲਦੇ ਸਨ।
ਪਾਕਿਸਤਾਨ ਦੀ ਪੰਜਾਬ ਸਰਕਾਰ ਵੰਡ ਤੋਂ ਪਹਿਲਾਂ ਦੀ ਵਿਰਾਸਤ ਨੂੰ ਕਰੇਗੀ ਸੁਰਜੀਤ!

