ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਸਿਵਲ ਮੁਕੱਦਮਾ ਦਾਇਰ
ਨਿਊਯਾਰਕ, 22 ਮਈ (ਪੰਜਾਬ ਮੇਲ)-ਅਮਰੀਕਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, ਐੱਨ.ਬੀ.ਸੀ. ਯੂਨੀਵਰਸਲ ਤੇ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਸੰਮਨ ਜਾਰੀ ਕੀਤੇ ਹਨ। ਇਹ ਮੁਕੱਦਮਾ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿਚ ਮਹਿੰਦਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ।
ਮਹਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਦੰਗਿਆਂ ਦੌਰਾਨ ਬਚ ਗਿਆ ਸੀ, ਪਰ ਉਸ ਦੇ ਪਿਤਾ ਦੀ ਦਿੱਲੀ ਵਿਚ ਮੌਤ ਹੋ ਗਈ ਸੀ। ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਪੈਰਵੀ ਵਿਚ ਮੁਦਈ ਦੀ ਮਦਦ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਸੰਮਨਾਂ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾਂ ਅੰਦਰ ਜਵਾਬ ਦੇਣਾ ਪੈਂਦਾ ਹੈ।
ਸ਼ਿਕਾਇਤ ਮੁਤਾਬਕ ਦੋਸਾਂਝ ਨੇ ਟੈਲੀਵਿਜ਼ਨ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵਿਚ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਜਨਤਕ ਤੌਰ ‘ਤੇ ਸਨਮਾਨ ਕਰ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀਆਂ ਭਾਵਾਨਾਵਾਂ ਨੂੰ ਸੱਟ ਮਾਰੀ ਸੀ। ਮੁਕੱਦਮੇ ਵਿਚ ਦੋਸਾਂਝ ਵੱਲੋਂ ਸ਼ਰਧਾ ਤੇ ਸਨਮਾਨ ਵਜੋਂ ਬੱਚਨ ਦੇ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਅਮਿਤਾਭ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ‘ਖ਼ੂਨ ਬਦਲੇ ਖ਼ੂਨ’ ਦਾ ਨਾਅਰਾ ਦਿੱਤਾ, ਜਿਸ ਨੇ ਨਵੰਬਰ 1984 ਵਿਚ ਸਿੱਖਾਂ ਖ਼ਿਲਾਫ਼ ਹਿੰਸਾ ਨੂੰ ਕਥਿਤ ਹਵਾ ਦਿੱਤੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਦੋਸਾਂਝ 1984 ਦੀ ਸਿੱਖ ਵਿਰੋਧੀ ਹਿੰਸਾ ਨਾਲ ਜੁੜੇ ਸਦਮੇ ਤੋਂ ਜਾਣੂ ਸੀ ਕਿਉਂਕਿ ਅਦਾਕਾਰ ਨੇ 2022 ਵਿਚ ‘ਜੋਗੀ’ ਨਾਂ ਦੀ ਫ਼ਿਲਮ ਕੀਤੀ ਸੀ, ਜਿਸ ਵਿਚ ਉਸ ਨੇ ਜਨਤਕ ਤੌਰ ‘ਤੇ ਘਟਨਾਵਾਂ ਨੂੰ ‘ਨਸਲਕੁਸ਼ੀ’ ਦੱਸਿਆ ਸੀ।
ਮੁਕੱਦਮੇ ਵਿਚ ਫੈਲਨ ਅਤੇ ਐੱਨ.ਬੀ.ਸੀ. ਨੂੰ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਰਾਹੀਂ ਦੋਸਾਂਝ ਨੂੰ ਕਥਿਤ ‘ਮੰਚ’ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਲਾਈਵ ਨੇਸ਼ਨ ‘ਤੇ ਸਿੱਖ ਕਾਰਕੁਨ ਸਮੂਹਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੋਸਾਂਝ ਦੇ ਅਮਰੀਕੀ ਕੰਸਰਟ ਟੂਰ ਨੂੰ ਵਪਾਰਕ ਤੌਰ ‘ਤੇ ਪਰਮੋਟ ਕਰਨ ਦਾ ਦੋਸ਼ ਲਾਇਆ ਗਿਆ ਹੈ।
ਅਮਰੀਕੀ ਅਦਾਲਤ ਵੱਲੋਂ ਦਿਲਜੀਤ ਦੋਸਾਂਝ, ਜਿੰਮੀ ਫੈਲਨ ਤੇ ਹੋਰ ਤਲਬ; ਸੰਮਨ ਜਾਰੀ

