F-4 ਕੈਟਾਗਰੀ ਦੀ ਲੰਬੀ ਉਡੀਕ ਜਾਰੀ
ਵਾਸ਼ਿੰਗਟਨ ਡੀ.ਸੀ., 20 ਮਈ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਜੂਨ 2026 ਲਈ ਜਾਰੀ ਕੀਤੇ ਗਏ ਵੀਜ਼ਾ ਬੁਲੇਟਿਨ ਨੇ ਭਾਰਤੀ ਪਰਿਵਾਰਕ ਇਮੀਗ੍ਰੇਸ਼ਨ ਅਰਜ਼ੀਕਾਰਾਂ ਲਈ ਮਿਲੇ-ਜੁਲੇ ਸੰਕੇਤ ਦਿੱਤੇ ਹਨ। ਕੁਝ ਪਰਿਵਾਰਕ ਵੀਜ਼ਾ ਕੈਟਾਗਰੀਆਂ ‘ਚ ਮਾਮੂਲੀ ਤਰੱਕੀ ਦਰਜ ਕੀਤੀ ਗਈ ਹੈ, ਪਰ ਭਾਰਤ ਲਈ F-4 ਕੈਟਾਗਰੀ ਦੀ ਗਤੀ ਅਜੇ ਵੀ ਲਗਭਗ ਠੱਪ ਰਹਿਣ ਕਾਰਨ ਹਜ਼ਾਰਾਂ ਪਰਿਵਾਰ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ।
ਜੂਨ 2026 ਦੇ ਫਾਈਨਲ ਐਕਸ਼ਨ ਡੇਟਸ ਮੁਤਾਬਕ ਭਾਰਤ ਲਈ F-1 ਕੈਟਾਗਰੀ, ਜੋ ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਪੁੱਤਰ-ਧੀਆਂ ਲਈ ਹੁੰਦੀ ਹੈ, 1 ਸਤੰਬਰ 2017 ‘ਤੇ ਚੱਲ ਰਹੀ ਹੈ। F-2A ਕੈਟਾਗਰੀ, ਜਿਸ ਵਿਚ ਗ੍ਰੀਨ ਕਾਰਡ ਹੋਲਡਰਾਂ ਦੇ ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਹਨ, 1 ਜਨਵਰੀ 2025 ‘ਤੇ ਪਹੁੰਚ ਗਈ ਹੈ। F-2B ਕੈਟਾਗਰੀ 22 ਸਤੰਬਰ 2017 ਅਤੇ F-3 ਕੈਟਾਗਰੀ 15 ਫਰਵਰੀ 2012 ‘ਤੇ ਚੱਲ ਰਹੀ ਹੈ।
ਸਭ ਤੋਂ ਵੱਧ ਚਰਚਾ ਅਤੇ ਚਿੰਤਾ F-4 ਕੈਟਾਗਰੀ ਨੂੰ ਲੈ ਕੇ ਹੋ ਰਹੀ ਹੈ। ਇਹ ਕੈਟਾਗਰੀ ਅਮਰੀਕੀ ਨਾਗਰਿਕਾਂ ਵੱਲੋਂ ਆਪਣੇ ਭੈਣ-ਭਰਾਵਾਂ ਨੂੰ ਸਪਾਂਸਰ ਕਰਨ ਲਈ ਵਰਤੀ ਜਾਂਦੀ ਹੈ। ਭਾਰਤ ਲਈ ਇਸ ਦੀ ਫਾਈਨਲ ਐਕਸ਼ਨ ਡੇਟ ਅਜੇ ਵੀ 1 ਨਵੰਬਰ 2006 ‘ਤੇ ਹੀ ਅਟਕੀ ਹੋਈ ਹੈ। ਇਸ ਨਾਲ ਸਪੱਸ਼ਟ ਹੈ ਕਿ ਨਵੇਂ ਅਰਜ਼ੀਕਾਰਾਂ ਨੂੰ ਗ੍ਰੀਨ ਕਾਰਡ ਪ੍ਰਕਿਰਿਆ ਪੂਰੀ ਹੋਣ ਲਈ ਲਗਭਗ 18 ਤੋਂ 20 ਸਾਲ ਜਾਂ ਇਸ ਤੋਂ ਵੀ ਵੱਧ ਉਡੀਕ ਕਰਨੀ ਪੈ ਸਕਦੀ ਹੈ।
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ F-4 ਕੈਟਾਗਰੀ ਵਿਚ ਬੈਕਲਾਗ ਵਧਣ ਦਾ ਮੁੱਖ ਕਾਰਨ ਸਾਲਾਨਾ ਵੀਜ਼ਿਆਂ ਦੀ ਸੀਮਤ ਗਿਣਤੀ ਅਤੇ ਭਾਰਤ ਵਰਗੇ ਦੇਸ਼ਾਂ ਤੋਂ ਵੱਡੀ ਸੰਖਿਆ ਵਿਚ ਆ ਰਹੀਆਂ ਅਰਜ਼ੀਆਂ ਹਨ। ਕੋਵਿਡ-19 ਦੌਰਾਨ ਕਾਊਂਸਲਰ ਸੇਵਾਵਾਂ ਵਿਚ ਆਈ ਰੁਕਾਵਟ ਦਾ ਪ੍ਰਭਾਵ ਵੀ ਅਜੇ ਤੱਕ ਖਤਮ ਨਹੀਂ ਹੋਇਆ।
ਡੇਟਸ ਆਫ ਫਾਇਲਿੰਗ ਚਾਰਟ ਮੁਤਾਬਕ ਭਾਰਤ ਲਈ F-1 ਕੈਟਾਗਰੀ 1 ਅਕਤੂਬਰ 2018, F-2A Current, F-2B 22 ਮਾਰਚ 2018, F-3 8 ਦਸੰਬਰ 2012 ਅਤੇ F-4 15 ਦਸੰਬਰ 2006 ‘ਤੇ ਹੈ। ਇਸ ਦਾ ਮਤਲਬ ਹੈ ਕਿ ਕੁਝ ਅਰਜ਼ੀਕਾਰ ਅਗਲੀ ਇਮੀਗ੍ਰੇਸ਼ਨ ਕਾਰਵਾਈ ਲਈ ਦਸਤਾਵੇਜ਼ ਤਿਆਰ ਕਰ ਸਕਦੇ ਹਨ, ਹਾਲਾਂਕਿ ਅਸਲ ਵੀਜ਼ਾ ਜਾਰੀ ਹੋਣ ਲਈ ਉਨ੍ਹਾਂ ਨੂੰ ਹੋਰ ਉਡੀਕ ਕਰਨੀ ਪਵੇਗੀ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਜੂਨ ਮਹੀਨੇ ਲਈ ਪਰਿਵਾਰਕ ਆਧਾਰ ‘ਤੇ ਐਡਜਸਮੈਂਟ ਆਫ ਸਟੇਟਸ ਅਰਜ਼ੀਆਂ ਵਾਸਤੇ ਡੇਟਸ ਆਫ ਫਾਇਲਿੰਗ ਚਾਰਟ ਦੀ ਵਰਤੋਂ ਦੀ ਆਗਿਆ ਦਿੱਤੀ ਹੈ। ਇਸ ਨਾਲ ਅਮਰੀਕਾ ਅੰਦਰ ਰਹਿ ਰਹੇ ਯੋਗ ਅਰਜ਼ੀਕਾਰ ਆਪਣੀ ਅਗਲੀ ਇਮੀਗ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਸਕਣਗੇ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਵੀਜ਼ਾ ਕੈਟਾਗਰੀਆਂ ਵਿਚ retrogression ਵੀ ਹੋ ਸਕਦੀ ਹੈ। Retrogression ਉਸ ਸਥਿਤੀ ਨੂੰ ਕਿਹਾ ਜਾਂਦਾ ਹੈ, ਜਦੋਂ ਵੀਜ਼ਾ ਮੰਗ ਵੱਧਣ ਕਾਰਨ ਤਾਰੀਖਾਂ ਅੱਗੇ ਵਧਣ ਦੀ ਬਜਾਏ ਪਿੱਛੇ ਚਲੀ ਜਾਂਦੀਆਂ ਹਨ।
ਲੰਬੇ ਇੰਤਜ਼ਾਰ ਕਾਰਨ ਭਾਰਤੀ ਪਰਿਵਾਰਾਂ ਵਿਚ ਚਿੰਤਾ ਵਧ ਰਹੀ ਹੈ। ਕਈ ਪਰਿਵਾਰ ਦਹਾਕਿਆਂ ਤੋਂ ਇਕੱਠੇ ਹੋਣ ਦੀ ਉਡੀਕ ਕਰ ਰਹੇ ਹਨ, ਜਦਕਿ ਕੁਝ ਮਾਮਲਿਆਂ ਵਿਚ ਬੱਚਿਆਂ ਦੇ ਉਮਰ ਵਧਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਮੀਗ੍ਰੇਸ਼ਨ ਮਾਹਿਰਾਂ ਨੇ ਅਰਜ਼ੀਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਰ ਮਹੀਨੇ ਨਵਾਂ ਵੀਜ਼ਾ ਬੁਲੇਟਿਨ ਧਿਆਨ ਨਾਲ ਦੇਖਣ ਅਤੇ ਜਿਵੇਂ ਹੀ ਯੋਗਤਾ ਬਣੇ, ਲੋੜੀਂਦੀ ਫਾਇਲਿੰਗ ਵਿਚ ਦੇਰੀ ਨਾ ਕਰਨ।
ਅਮਰੀਕਾ ਵੀਜ਼ਾ ਬੁਲੇਟਿਨ ਜੂਨ 2026: ਪਰਿਵਾਰਕ ਵੀਜ਼ਿਆਂ ਦੀ ਸੁਸਤ ਹੋਈ ਗਤੀ

