ਵਰਜੀਨੀਆ, 20 ਜੂਨ (ਪੰਜਾਬ ਮੇਲ)-ਅਮਰੀਕਾ ‘ਚ ਇਕ 19 ਸਾਲਾ ਪੰਜਾਬੀ ਨੌਜਵਾਨ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੀ ਨਾਨੀ, ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਇਹ ਖ਼ੌਫ਼ਨਾਕ ਘਟਨਾ 17 ਜੂਨ ਦੀ ਰਾਤ ਨੂੰ ਅਮਰੀਕਾ ਦੇ ਵਰਜੀਨੀਆ ਸੂਬੇ ਦੇ ‘ਸਕੈਨਨ’ ਪਿੰਡ ‘ਚ ਵਾਪਰੀ, ਜਿੱਥੇ ਭਾਰਤੀ ਮੂਲ ਦੇ 19 ਸਾਲਾ ਨੌਜਵਾਨ ਗੌਰਵ ਚੋਪੜਾ ਨੇ ਆਪਣੇ ਹੀ ਪਰਿਵਾਰ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ‘ਚ ਉਸ ਦੇ ਪਿਤਾ ਸਵੀਟਾ ਰਾਮ (56), ਮਾਂ ਕਮਲੇਸ਼ ਰਾਣੀ (46) ਅਤੇ ਨਾਨੀ ਮਹਿੰਦਰ ਕੌਰ (73) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ 21 ਸਾਲਾ ਵੱਡਾ ਭਰਾ ਸਾਜਨ ਚੋਪੜਾ ਕਿਸੇ ਤਰ੍ਹਾਂ ਇਸ ਹਮਲੇ ‘ਚ ਬਚ ਗਿਆ। ਮ੍ਰਿਤਕ ਨਾਨੀ ਮਹਿੰਦਰ ਕੌਰ (73) ਦਾ ਪਿੰਡ ਮੁਠੱਡਾ ਕਲਾਂ (ਫਿਲੌਰ) ਸੀ ਅਤੇ ਉਹ ਪਿਛਲੇ ਕਰੀਬ 10 ਸਾਲਾਂ ਤੋਂ ਅਮਰੀਕਾ ‘ਚ ਆਪਣੀ ਧੀ-ਜਵਾਈ ਕੋਲ ਰਹਿ ਰਹੀ ਸੀ।
ਉਕਤ ਪਰਿਵਾਰ ਨਵਾਂਸ਼ਹਿਰ ਦੇ ਬੰਗਾ ਦੇ ਪਿੰਡ ਲੱਖਪੁਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਪਲਾਹੀ ਰੋਡ, ਫਗਵਾੜਾ ਵਿਖੇ ਵੀ ਆਪਣੀ ਰਿਹਾਇਸ਼ ਬਣਾਈ ਹੋਈ ਸੀ। ਇਹ ਪਰਿਵਾਰ ਪਿਛਲੇ ਕਰੀਬ 30 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ ਅਤੇ ਸਵੀਤਾ ਰਾਮ ਉੱਥੇ ਇੱਕ ਹੋਟਲ ਚਲਾਉਂਦੇ ਸਨ, ਜਿਸ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਕਾਫ਼ੀ ਮਜ਼ਬੂਤ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੌਰਵ ਚੋਪੜਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਭੱਜਣ ਦੌਰਾਨ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਉੱਥੋਂ ਦੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਹਮਲੇ ਵਿਚ ਬਚੇ ਵੱਡੇ ਭਰਾ ਸਾਜਨ ਨੇ ਪੰਜਾਬ ਰਹਿੰਦੇ ਆਪਣੇ ਮਾਮੇ ਨੂੰ ਫ਼ੋਨ ‘ਤੇ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ, ਤਾਂ ਉਸ ਨੇ ਜ਼ਮੀਨ ‘ਤੇ ਮਾਪਿਆਂ ਅਤੇ ਨਾਨੀ ਦੀਆਂ ਲਾਸ਼ਾਂ ਪਈਆਂ ਵੇਖੀਆਂ। ਉਹ ਅਜੇ ਸਦਮੇ ਵਿਚ ਹੀ ਸੀ ਕਿ ਉਸ ਦਾ ਛੋਟਾ ਭਰਾ ਗੌਰਵ ਬੰਦੂਕ ਤਾਣ ਕੇ ਉਸ ਵੱਲ ਆਇਆ ਅਤੇ ਸਿੱਧੀ ਉਸ ਦੇ ਸਿਰ ਵੱਲ ਗੋਲੀ ਚਲਾ ਦਿੱਤੀ। ਗੋਲੀ ਉਸ ਦੇ ਕੰਨ ਦੇ ਬਿਲਕੁਲ ਕੋਲ ਦੀ ਛੂਹ ਕੇ ਲੰਘ ਗਈ, ਜਿਸ ਕਾਰਨ ਉਸ ਨੂੰ ਇੱਕ ਕੰਨ ਤੋਂ ਸੁਣਾਈ ਦੇਣਾ ਬੰਦ ਹੋ ਗਿਆ ਹੈ। ਸਾਜਨ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਣਯੋਗ ਹੈ ਕਿ ਇਨ੍ਹਾਂ ਬੱਚਿਆਂ ਦੇ ਨਾਨੇ ਦਾ ਕਰੀਬ ਚਾਰ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਨਾਨੀ ਬੱਚਿਆਂ ਦੀ ਸਾਂਭ-ਸੰਭਾਲ ਲਈ ਆਪਣੀ ਧੀ ਕੋਲ ਅਮਰੀਕਾ ਚਲੀ ਗਈ ਸੀ।
ਇਸ ਘਟਨਾ ਤੋਂ ਬਾਅਦ ਪਿੰਡ ਮੁਠੱਡਾ ਕਲਾਂ ਅਤੇ ਨਾਨੀ ਦੇ ਪੇਕੇ ਪਿੰਡ ਪਾਲ ਕਦੀਮ (ਤਹਿਸੀਲ ਫਿਲੌਰ) ਵਿਖੇ ਮਾਤਮ ਪਸਰਿਆ ਹੋਇਆ ਹੈ। ਮ੍ਰਿਤਕਾ ਕਮਲੇਸ਼ ਰਾਣੀ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ। ਅਫ਼ਸੋਸ ਜਤਾਉਣ ਪਹੁੰਚੀਆਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਅਜੇ 5-6 ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਦੋਹਤੇ ਬਹੁਤ ਵਧੀਆ ਪੰਜਾਬੀ ਬੋਲਦੇ ਸਨ। ਜਦੋਂ ਪਰਿਵਾਰ ਨੇ ਉਨ੍ਹਾਂ ਦੇ ਵਿਆਹ ਬਾਰੇ ਗੱਲ ਕੀਤੀ ਸੀ, ਤਾਂ ਬੱਚਿਆਂ ਨੇ ਜਵਾਬ ਦਿੱਤਾ ਸੀ ਕਿ ਉਹ ਪਹਿਲਾਂ ਡਾਕਟਰ ਬਣਨਾ ਚਾਹੁੰਦੇ ਹਨ ਅਤੇ ਉਸ ਤੋਂ ਬਾਅਦ ਜਿੱਥੇ ਮਾਪੇ ਕਹਿਣਗੇ, ਉੱਥੇ ਹੀ ਵਿਆਹ ਕਰਵਾਉਣਗੇ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਹੱਸਦਾ-ਖੇਡਦਾ ਪਰਿਵਾਰ ਇਸ ਤਰ੍ਹਾਂ ਖ਼ਤਮ ਹੋ ਜਾਵੇਗਾ।
ਉਕਤ ਨੌਜਵਾਨ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਵੱਡੇ ਭਰਾ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਗੌਰਵ ਚੋਪੜਾ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰੀਕਾ ‘ਚ ਪੰਜਾਬੀ ਨੌਜਵਾਨ ਵੱਲੋਂ ਮਾਂ-ਪਿਓ ਤੇ ਨਾਨੀ ਦਾ ਗੋਲ਼ੀਆਂ ਮਾਰ ਕੇ ਕਤਲ

