ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਸਪਾਈਨਲ ਇਮਪਲਾਂਟ ਕੰਪਨੀ ਦੇ ਭਾਰਤੀ ਮੂਲ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਨੂੰ ਫਰਜ਼ੀ ਸਲਾਹ ਫੀਸ ਦੇ ਨਾਮ ‘ਤੇ ਸਰਜਨਾਂ ਨੂੰ ਰਿਸ਼ਵਤ ਦੇਣ ਅਤੇ ਰਿਸ਼ਵਤ ਦੇ ਬਦਲੇ ਕੰਪਨੀ ਦੇ ਉਤਪਾਦਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਕੈਂਬਰਿਜ ਨਿਵਾਸੀ ਆਦਿਤਿਆ ਹੁਮਾਦ (41), ਆਪਣੀ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੇ ਅਧੀਨ ਹੋਵੇਗਾ। ਹੁਮਾਦ ਨੂੰ 9,500 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਭਰਨਾ ਪਵੇਗਾ।
ਹੁਮਾਦ ਨੇ ਪਹਿਲਾਂ ਹੈਲਥਕੇਅਰ ਰਿਸ਼ਵਤਖੋਰੀ ਐਕਟ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚਣ ਦੇ ਇੱਕ ਦੋਸ਼ ਵਿਚ ਦੋਸ਼ੀ ਮੰਨਿਆ ਸੀ। ਸਤੰਬਰ 2021 ਵਿਚ, ਇਸ ਮਾਮਲੇ ਵਿਚ ਸਪਾਈਨਫਰੰਟੀਅਰ ਦੇ ਸੰਸਥਾਪਕ, ਚੇਅਰਮੈਨ ਅਤੇ ਸੀ.ਈ.ਓ. ਕਿੰਗਸਲੇ ਆਰ. ਚਿਨ ਦੇ ਨਾਲ ਹੁਮਾਦ ‘ਤੇ ਦੋਸ਼ ਲਗਾਇਆ ਗਿਆ ਸੀ। ਮੈਸਾਚਿਉਸੇਟਸ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਹੁਮਾਦ ਨੇ ਸਰਜਨਾਂ ਨੂੰ ਧੋਖਾਧੜੀ ਸਲਾਹ ਫੀਸ ਵਿਚ 540,000 ਡਾਲਰ ਤੋਂ ਵੱਧ ਦੀ ਰਿਸ਼ਵਤ ਦੇਣ ਦੀ ਸਾਜ਼ਿਸ਼ ਰਚੀ ਸੀ। ਵਕੀਲ ਦੇ ਦਫ਼ਤਰ ਅਨੁਸਾਰ ਹੁਮਾਦ ਨੇ ਬਦਲੇ ਵਿਚ ਸਰਜਨਾਂ ਨੂੰ ਸਰਜਰੀਆਂ ਦੌਰਾਨ ਸਪਾਈਨਫਰੰਟੀਅਰ ਉਤਪਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਆ, ਜਿਸ ਨਾਲ ਕੰਪਨੀ ਨੂੰ ਲੱਖਾਂ ਡਾਲਰ ਦਾ ਮਾਲੀਆ ਮਿਲਿਆ।
ਅਮਰੀਕਾ ਅਦਾਲਤ ਵੱਲੋਂ ਭਾਰਤੀ ਮੂਲ ਦੇ ਸੀ.ਐੱਫ.ਓ. ਨੂੰ 4 ਮਹੀਨਿਆਂ ਦੀ ਕੈਦ

