ਵੈਨਕੂਵਰ, 12 ਅਗਸਤ (ਪੰਜਾਬ ਮੇਲ)- ਕੈਨੇਡਾ ਦੀ ਇੱਕ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਕਰਮਵੀਰ ਸਿੰਘ ਨੂੰ ਰਿਹਾਅ ਕਰਨ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ (ਆਈ.ਆਰ.ਬੀ.) ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਕਰਮਵੀਰ ਸਿੰਘ, ਜੋ ਕਿ ਕਥਿਤ ਤੌਰ ‘ਤੇ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਖੁਦ ਨੂੰ ਖਾਲਿਸਤਾਨੀ ਵੱਖਵਾਦੀ ਦੱਸਦਾ ਹੈ, ਹੁਣ ਹਿਰਾਸਤ ਵਿਚ ਹੀ ਰਹੇਗਾ । ਜੱਜ ਫੂਂਗ ਐਨਗੋ ਨੇ ਇਹ ਫੈਸਲਾ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਦੀ ਅਪੀਲ ‘ਤੇ ਸੁਣਾਇਆ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਰਮਵੀਰ ਸਿੰਘ ਪੰਜਾਬੀ ਮੂਲ ਦਾ ਭਾਰਤੀ ਨਾਗਰਿਕ ਹੈ ਅਤੇ ਸਾਲ 2012 ਦੇ ਇੱਕ ਕਤਲ ਕੇਸ ਵਿਚ ਭਾਰਤ ਵਿਚ ਲੋੜੀਂਦਾ ਭਗੌੜਾ ਹੈ। ਉਹ ਸਾਲ 2019 ਵਿਚ ਭਾਰਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ ਅਤੇ ਫਿਰ ਉਸ ਨੇ ਜਨਵਰੀ 2025 ਵਿਚ ਕੈਨੇਡਾ ਪਹੁੰਚ ਕੇ ਸ਼ਰਨ ਦੀ ਮੰਗ ਕੀਤੀ ਸੀ। ਕਰਮਵੀਰ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਦਿੱਤੇ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਸ ਨੂੰ ਆਪਣੀ ਸਿਆਸੀ ਰਾਇ ਅਤੇ ਖਾਲਿਸਤਾਨੀ ਗਤੀਵਿਧੀਆਂ ਕਾਰਨ ਭਾਰਤ ਵਿਚ ਖ਼ਤਰਾ ਹੈ।
ਜੱਜ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਕਰਮਵੀਰ ਕਥਿਤ ਤੌਰ ‘ਤੇ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਜਿਸ ਨੂੰ ਕੈਨੇਡਾ ਸਰਕਾਰ ਨੇ ਸਤੰਬਰ 2025 ਵਿਚ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਗੈਂਗ ਮੁੱਖ ਤੌਰ ‘ਤੇ ਭਾਰਤ ਤੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ।
ਕਰਮਵੀਰ ਸਿੰਘ ਅਪ੍ਰੈਲ 2025 ਤੋਂ ਪੰਜਾਬੀ ਗਾਇਕਾਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਕੈਨੇਡਾ ਪੁਲਿਸ ਦੀ ਹਿਰਾਸਤ ਵਿਚ ਹੈ। ਰਿਪੋਰਟਾਂ ਮੁਤਾਬਕ ਐੱਫ.ਬੀ.ਆਈ. ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਸੀ ਕਿ ਸਤੰਬਰ 2024 ਵਿਚ ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ‘ਤੇ ਗੋਲੀਬਾਰੀ ਅਤੇ ਅਗਜ਼ਨੀ ਕਰਨ ਦੇ ਹੁਕਮ ਵੀ ਕਰਮਵੀਰ ਨੇ ਹੀ ਦਿੱਤੇ ਸਨ। ਅਦਾਲਤ ਨੇ ਪਾਇਆ ਕਿ ਕਰਮਵੀਰ ਦੀ ਰਿਹਾਇਸ਼ ਲਈ ਉਸ ਦੀਆਂ ਭੈਣਾਂ ਅਤੇ ਜੀਜੇ ਵੱਲੋਂ ਦਿੱਤੇ ਗਏ ਫੰਡਾਂ ਦਾ ਸਰੋਤ ਸ਼ੱਕੀ ਸੀ। ਇਸ ਕਾਰਨ ਜੱਜ ਨੇ ਉਸ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਮੌਜੂਦਾ ਸਮੇਂ ਵਿਚ ਕਰਮਵੀਰ ਸਿੰਘ ਵਿਰੁੱਧ ਕੈਨੇਡਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਚੱਲ ਰਹੀ ਹੈ।
