#AMERICA

Ohio ਦੇ ਸਿੱਖਾਂ ਨੇ ਦਿੱਤੀ ਸਪਰਿੰਗਫੀਲਡ ਦੇ ਮੇਅਰ ਵਾਰਨ ਕੋਪਲੈਂਡ ਨੂੰ ਸ਼ਰਧਾਂਜਲੀ

ਸਪਰਿੰਗਫੀਲਡ (ਓਹਾਇਓ), 12 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਪਰਿੰਗਫੀਲਡ ਦੇ ਮੇਅਰ ਵਾਰਨ ਕੋਪਲੈਂਡ ਦੇ ਦਿਹਾਂਤ ਉਪਰੰਤ ਸਪਰਿੰਗਫੀਲਡ ਸਿਟੀ ਹਾਲ ਅਤੇ ਹਾਈ ਸਕੂਲ ਵਿਖੇ ਆਯੋਜਤ ਸਮਾਗਮਾਂ ਵਿਚ ਸਪਰਿੰਗਫੀਲਡ ਅਤੇ ਨਾਲ ਲੱਗਦੇ ਸ਼ਹਿਰ ਡੇਟਨ, ਬੀਵਰਕ੍ਰੀਕ ਵੱਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਮੇਅਰ ਕੋਪਲੈਂਡ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਵਿਚ ਵੱਡੀ ਗਿਣਤੀ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਓਹਾਇਓ ਸੂਬੇ ਦੇ ਗਵਰਨਰ ਮਾਈਕ ਡੀਵਾਈਨ ਵੀ ਸ਼ਾਮਲ ਸਨ। ਮੇਅਰ ਕੋਪਲੈਂਡ ਦਾ ਬੀਤੇ ਦਿਨੀਂ 22 ਜਨਵਰੀ, 2024 ਨੂੰ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਉਹ 1990 ਤੋਂ 1994 ਤੱਕ ਅਤੇ ਫਿਰ ਲਗਾਤਾਰ 1998 ਤੋਂ ਲੈ ਕੇ ਨਵੰਬਰ 2023 ਤੀਕ ਮੇਅਰ ਰਹੇ। ਆਪਣੀ ਸਿਹਤ ਖਰਾਬ ਹੋਣ ਕਾਰਨ ਉਹ ਸੇਵਾਮੁਕਤ ਹੋ ਗਏ ਸਨ।

ਸਤੰਬਰ 2017 ਦੇ ਸਪਰਿੰਗਫੀਲਡ ਕਲਚਰ ਫੈਸਟ ‘ਚ ਮੇਅਰ ਵਾਰਨ ਕੋਪਲੈਂਡ ਦਸਤਾਰ ਸਜਾ ਕੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ।

ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਦੇ ਸਪਰਿੰਗਫੀਲਡ ਨਿਵਾਸੀ ਅਵਤਾਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ, ਬੱਚਿਆਂ ਰਵਜੋਤ ਕੌਰ ਅਤੇ ਮਨਪ੍ਰੀਤ ਸਿੰਘ ਸਣੇ ਇਨ੍ਹਾਂ ਯਾਦਗਾਰੀ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਮੇਅਰ ਕੋਪਲੈਂਡ ਦੀ ਪਤਨੀ ਕਲਾਰਾ ਕੋਪਲੈਂਡ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਬਜੀਤ ਕੌਰ ਨੇ ਦੱਸਿਆ, ”ਉਹ ਸ਼ਹਿਰ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਇੱਕ ਪਿਆਰੇ ਮਿੱਤਰ ਸਨ। ਸਪਰਿੰਗਫੀਲਡ ਸ਼ਹਿਰ ਵਿਖੇ ਕਰਾਏ ਜਾਂਦੇ ਵੱਖ-ਵੱਖ ਸਾਲਾਨਾ ਪ੍ਰੋਗਰਾਮਾਂ ਜਿਵੇਂ ਕਿ ਕਲਚਰ ਫੈਸਟੀਵਲ (ਦੁਨੀਆਂ ਦੇ ਵੱਖ-ਵੱਖ ਸੱਭਿਆਚਾਰਾਂ ਦਾ ਮੇਲਾ) ਅਤੇ ਮੈਮੋਰੀਅਲ ਡੇ ਪਰੇਡ ਸਮੇਤ ਕਈ ਸਾਲਾਨਾ ਪ੍ਰੋਗਰਾਮਾਂ ‘ਚ ਸਿੱਖ ਭਾਈਚਾਰੇ ਨਾਲ ਸ਼ਾਮਲ ਹੁੰਦੇ ਸਨ। ਉਹ ਮੇਲੇ ਵਿਚ ਲਗਾਏ ਜਾਂਦੇ ਸਿੱਖ ਬੂਥ ‘ਤੇ ਜ਼ਰੂਰ ਆਉਂਦੇ ਸਨ, ਖੁਸ਼ੀ ਨਾਲ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਦੇ ਅਤੇ ਵਲੰਟੀਅਰਾਂ ਪਾਸੋਂ ਦਸਤਾਰ ਬਣਾਉਂਦੇ ਸਨ।”
ਡੇਟਨ ਦੇ ਵਸਨੀਕ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਏ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ, ”ਮੈਨੂੰ ਸਾਲਾਨਾ ਕਲਚਰ ਫੈਸਟ ਵਿਚ ਮੇਅਰ ਕੋਪਲੈਂਡ ਨੂੰ ਮਿਲਨ ਅਤੇ ਦਸਤਾਰ ਬੰਨ੍ਹਣ ਦਾ ਮੌਕਾ ਮਿਲਦਾ ਸੀ। ਹੁਣ ਭਵਿੱਖ ਵਿਚ ਮੇਲੇ ਦੇ ਨਾਲ-ਨਾਲ ਮਈ ਮਹੀਨੇ ਦੀ ਮੈਮੋਰੀਅਲ ਡੇ ਪਰੇਡ ਵਿਚ ਵੀ ਉਨ੍ਹਾਂ ਦੀ ਘਾਟ ਮਹਿਸੂਸ ਹੋਵੇਗੀ।”
ਮੇਅਰ ਵਜੋਂ ਆਪਣੀ ਭੂਮਿਕਾ ਤੋਂ ਇਲਾਵਾ, ਡਾ. ਵਾਰਨ ਕੋਪਲੈਂਡ ਸਥਾਨਕ ਵਿਟਨਬਰਗ ਯੂਨੀਵਰਸਿਟੀ ਵਿਚ ਧਰਮ ਦੇ ਪ੍ਰੋਫੈਸਰ ਸਨ। ਡੇਟਨ ਦੇ ਨਿਵਾਸੀ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਅਤੇ ਉੱਘੇ ਲੇਖਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਵੀ ਕੋਪਲੈਂਡ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ। ਅੰਮ੍ਰਿਤਸਰ ਤੋਂ ਜਾਰੀ ਆਪਣੇ ਬਿਆਨ ਵਿਚ ਉਨ੍ਹਾਂ ਦੱਸਿਆ, ”ਹਰ ਸਾਲ ਓਹਾਇਓ ਦੀ ਮੇਰੀ ਫੇਰੀ ਦੌਰਾਨ, ਮੈਨੂੰ ਕਈ ਸਾਲਾਂ ਤੋਂ ਸ਼ਹਿਰ ਵਿਚ ਕਰਾਏ ਜਾਂਦੇ ਕਲਚਰ ਫੈਸਟੀਵਲ, ਪਰੇਡ ਅਤੇ ਹੋਰਨਾਂ ਪ੍ਰੋਗਰਾਮਾਂ ਵਿਚ ਮੇਅਰ ਕੋਪਲੈਂਡ ਅਤੇ ਉਨ੍ਹਾਂ ਦੀ ਪਤਨੀ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਹਰੇਕ ਨੂੰ ਪਿਆਰ ਤੇ ਸਤਿਕਾਰ ਨਾਲ ਮਿਲਦੇ ਸਨ। ਵਿਦਿਅਕ ਖੇਤਰ ਵਿਚ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਅਤੇ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆ।”
ਮੇਅਰ ਕੋਪਲੈਂਡ ਇਕ ਕੁਸ਼ਲ ਪ੍ਰਬੰਧਕ ਸਨ। ਉਨ੍ਹਾਂ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਅਣਥੱਕ ਮਿਹਨਤ ਕੀਤੀ। ਅੱਜ ਭਾਂਵੇ ਉਹ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਵਿਦਿਅਕ, ਸੱਭਿਆਚਾਰਕ, ਸ਼ਹਿਰ ਤੇ ਦੇਸ਼ ਲਈ ਕੀਤੇ ਗਏ ਉਸਾਰੂ ਕੰਮਾਂ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।