#AMERICA

ICE ਵੱਲੋਂ 35 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ ਦੀ ਔਰਤ ਗ੍ਰਿਫਤਾਰ

ਟੈਕਸਾਸ, 17 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ਵਿਚ ਪਿਛਲੇ 35 ਸਾਲਾਂ ਤੋਂ ਰਹਿ ਰਹੀ ਭਾਰਤੀ ਮੂਲ ਦੀ 53 ਸਾਲਾ ਔਰਤ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ‘ਚ ਲਏ ਜਾਣ ਦੀ ਸੂਚਨਾ ਹੈ। ਮੀਨੂ ਬੱਤਰਾ ਨਾਮ ਦੀ ਇਸ ਮਹਿਲਾ ਨੂੰ ਟੈਕਸਾਸ ਵਿਚ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੇ ਏਜੰਟਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।
ਰਿਪੋਰਟਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੀ ਸੀ, ਪਰ ਉਸਦੀ ਇਮੀਗ੍ਰੇਸ਼ਨ ਸਥਿਤੀ ਸਬੰਧੀ ਮਸਲੇ ਉੱਠਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ”ਲੰਬੇ ਸਮੇਂ ਤੋਂ ਦੇਸ਼ ਵਿਚ ਰਹਿਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਕੋਈ ਵਿਅਕਤੀ ਸਦੀਵੀ ਤੌਰ ‘ਤੇ ਇੱਥੇ ਰਹਿ ਸਕਦਾ ਹੈ।” ਇਸ ਬਿਆਨ ਨੇ ਕਈ ਪ੍ਰਵਾਸੀਆਂ ਵਿਚ ਚਿੰਤਾ ਵਧਾ ਦਿੱਤੀ ਹੈ, ਖ਼ਾਸ ਕਰਕੇ ਉਹ ਲੋਕ ਜੋ ਕਈ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਮੀਨੂ ਬੱਤਰਾ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਉਸਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਕਾਨੂੰਨੀ ਸਹਾਇਤਾ ਵੀ ਲਈ ਜਾ ਰਹੀ ਹੈ। ਇਸ ਮਾਮਲੇ ਨੇ ਅਮਰੀਕਾ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ‘ਤੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।