#PUNJAB

ਜਥੇਦਾਰ ਅਕਾਲ ਤਖ਼ਤ ਵੱਲੋਂ ਪਰਵਿੰਦਰ ਝੋਟਾ ਨੂੰ ਕੌਮੀ ਸ਼ਹੀਦ ਦਾ ਦਰਜਾ

ਮਾਨਸਾ, 16 ਅਕਤੂਬਰ (ਪੰਜਾਬ ਮੇਲ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਤਿੰਨ ਦਿਨ ਬਾਅਦ ਪਰਿਵਾਰ ਅਤੇ ਇਸ ਸਬੰਧੀ ਸ਼ੁਰੂ ਹੋਏ ਅੰਦੋਲਨ ਸਬੰਧੀ ਬਣੀ ਸੰਘਰਸ਼ ਕਮੇਟੀ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਹਾਲ ਦੀ ਘੜੀ ਨਾਂਹ ਕਰ ਦਿੱਤੀ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ ਜਿੰਨਾਂ ਸਮਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ‌ਗੌਰਵ ਯਾਦਵ ਅਸਤੀਫਾ ਨਹੀਂ ਦਿੰਦੇ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਪੋਸਟ ਮਾਰਟਮ ਨਹੀਂ ਕਰਵਾਇਆ ਜਾਵੇਗਾ।

ਉੱਧਰ ਅੱਜ ਕਮੇਟੀ ਵਲੋਂ ਲਗਾਤਾਰ ਤਿੰਨ ਦਿਨਾਂ ਤੋਂ ਬੰਦ ਚਲੇ ਆ ਰਹੇ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕਰਨ ਤੋਂ ਬਾਅਦ ਅੱਜ ਸਾਰਾ ਸ਼ਹਿਰ ਖੁੱਲ੍ਹ ਗਿਆ ਹੈ। ਉਂਝ ਸ਼ਹਿਰ ਵਿੱਚ ਆਮ ਨਾਲੋਂ ਚਹਿਲ ਪਹਿਲ ਘੱਟ ਵਿਖਾਈ ਦਿੰਦੀ ਹੈ। ਇੱਥੇ ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਵਲੋਂ ‌ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਵਿੱਢੀ ਹੋਈ ਸੀ, ਜਿਸ ਕਰਕੇ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਉਹ ਪੰਜਾਬ ਦੀ ਜਵਾਨੀ ਅਤੇ ਹਰ ਘਰ ਲਈ ਸ਼ਹੀਦ ਹੋਇਆ ਹੈ।