-ਆਖਰੀ ਫਲਾਈਟ ਨੇ 6 ਅਕਤੂਬਰ ਨੂੰ ਭਰੀ ਸੀ ਉਡਾਣ
ਬਠਿੰਡਾ, 8 ਅਕਤੂਬਰ (ਪੰਜਾਬ ਮੇਲ)- ਬਠਿੰਡਾ ਹਵਾਈ ਅੱਡਾ ਉਦਘਾਟਨ ਦੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਦੇ ਅੰਦਰ ਯਾਤਰੀ ਉਡਾਣਾਂ ਤੋਂ ਸੱਖਣਾ ਹੋ ਗਿਆ ਹੈ। ਅਲਾਇੰਸ ਏਅਰ ਵੱਲੋਂ ਅੱਜ ਤੋਂ ਆਪਣੀ ਬਠਿੰਡਾ-ਦਿੱਲੀ-ਬਠਿੰਡਾ ਸੇਵਾ ਬੰਦ ਕਰਨ ਮਗਰੋਂ, ਇਸ ਇਲਾਕੇ ਦਾ ਇਹ ਇਕਲੌਤਾ ਹਵਾਈ ਅੱਡਾ ਬਿਨਾਂ ਕਿਸੇ ਉਡਾਣ ਦੇ ਰਹਿ ਗਿਆ ਹੈ। ਹੁਣ ਯਾਤਰੀਆਂ ਲਈ ਸਭ ਤੋਂ ਨੇੜਲਾ ਕਾਰਜਸ਼ੀਲ ਹਵਾਈ ਅੱਡਾ ਲੁਧਿਆਣਾ ਜ਼ਿਲ੍ਹੇ ਦਾ ਹਲਵਾਰਾ ਹੈ, ਜੋ ਇੱਥੋਂ ਕਰੀਬ 115 ਕਿਲੋਮੀਟਰ ਦੂਰ ਹੈ।
ਬਠਿੰਡਾ-ਮਲੋਟ ਰੋਡ ‘ਤੇ ਸ਼ਹਿਰ ਤੋਂ ਕਰੀਬ 26 ਕਿਲੋਮੀਟਰ ਦੂਰ ਪਿੰਡ ਵਿਰਕ ਕਲਾਂ ਵਿਖੇ ਬਣੇ ਇਸ ਹਵਾਈ ਅੱਡੇ ਤੋਂ ਆਖਰੀ ਉਡਾਣ 6 ਅਕਤੂਬਰ ਨੂੰ ਗਈ ਸੀ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ-ਦਿੱਲੀ ਸੇਵਾ ਲਗਾਤਾਰ ਪ੍ਰਭਾਵਿਤ ਹੋ ਰਹੀ ਸੀ। ਸਤੰਬਰ ਮਹੀਨੇ ਦੌਰਾਨ ਦੋ ਹਫ਼ਤਿਆਂ ਵਿਚ ਸਿਰਫ਼ ਦੋ ਦਿਨ ਹੀ ਉਡਾਣਾਂ ਚੱਲੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਹਵਾਈ ਅੱਡੇ ਦਾ ਉਦਘਾਟਨ ਦਸੰਬਰ 2016 ਵਿਚ ਤਤਕਾਲੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ, ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੀ। ਇਲਾਕੇ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਹ ਹਵਾਈ ਅੱਡਾ ਭਿਸੀਆਣਾ ਏਅਰ ਫੋਰਸ ਸਟੇਸ਼ਨ ਦੇ ਨਾਲ ‘ਉਡਾਨ’ ਸਕੀਮ ਤਹਿਤ ਬਣਾਇਆ ਗਿਆ ਸੀ।
ਬਠਿੰਡਾ ਏਅਰਪੋਰਟ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਦੱਸਿਆ, ”ਹਵਾਈ ਅੱਡੇ ‘ਤੇ ਸਾਰੀਆਂ ਤਿਆਰੀਆਂ ਮੁਕੰਮਲ ਹਨ, ਪਰ ਫਿਲਹਾਲ ਕੋਈ ਉਡਾਣ ਨਹੀਂ ਚੱਲ ਰਹੀ।”
ਉਨ੍ਹਾਂ ਦੱਸਿਆ ਕਿ ਬਠਿੰਡਾ-ਦਿੱਲੀ ਉਡਾਣ ਚਲਾਉਣ ਵਾਲੀ ਕੰਪਨੀ ਅਲਾਇੰਸ ਏਅਰ ਨੇ ਲਿਖਤੀ ਤੌਰ ‘ਤੇ ਸੇਵਾਵਾਂ ਬੰਦ ਕਰਨ ਬਾਰੇ ਸੂਚਿਤ ਕਰ ਦਿੱਤਾ ਹੈ। ਪਹਿਲਾਂ ਇਹ ਕੰਪਨੀ ਹਫ਼ਤੇ ਵਿਚ ਪੰਜ ਦਿਨ ਬਠਿੰਡਾ ਅਤੇ ਦਿੱਲੀ ਵਿਚਾਲੇ ਰੋਜ਼ਾਨਾ ਇੱਕ ਉਡਾਣ ਚਲਾਉਂਦੀ ਸੀ। ਕੰਬੋਜ ਨੇ ਦੱਸਿਆ, ”ਕੰਪਨੀ ਨੇ ਕੁਝ ਹੋਰ ਹਵਾਈ ਅੱਡਿਆਂ ਤੋਂ ਵੀ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।”
ਇਸ ਮਾਮਲੇ ‘ਤੇ ਅਲਾਇੰਸ ਏਅਰ ਦੇ ਸਥਾਨਕ ਮੈਨੇਜਰ ਲਕਸ਼ਮਣ ਭਾਰਦਵਾਜ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਕੋਵਿਡ-19 ਮਹਾਮਾਰੀ ਤੋਂ ਬਾਅਦ ‘ਖੇਤਰੀ ਸੰਪਰਕ ਯੋਜਨਾ’ (ਆਰ.ਸੀ.ਐੱਸ.) ਤਹਿਤ ਬਠਿੰਡਾ-ਦਿੱਲੀ ਉਡਾਣ ਸ਼ੁਰੂ ਕੀਤੀ ਗਈ ਸੀ। ਵਿਦਿਆਰਥੀਆਂ, ਡਾਕਟਰਾਂ, ਕਾਰੋਬਾਰੀਆਂ, ਸਿਆਸਤਦਾਨਾਂ, ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਯਾਤਰੀਆਂ ਵੱਲੋਂ ਇਸਦਾ ਕਾਫ਼ੀ ਲਾਹਾ ਲਿਆ ਜਾ ਰਿਹਾ ਸੀ। ਹੁਣ ਉਡਾਣਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਦਿੱਲੀ ਜਾਂ ਅੱਗੇ ਜਾਣ ਲਈ ਸੜਕੀ ਜਾਂ ਰੇਲ ਆਵਾਜਾਈ ‘ਤੇ ਨਿਰਭਰ ਹੋਣਾ ਪਵੇਗਾ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਲਈ ਵੀ ਇੱਥੋਂ ਉਡਾਣਾਂ ਬੰਦ ਹੋ ਗਈਆਂ ਸਨ। ਇਹ ਰੋਜ਼ਾਨਾ ਸੇਵਾ ‘ਫਲਾਈਬਿਗ’ ਕੰਪਨੀ ਵੱਲੋਂ ਚਲਾਈ ਜਾ ਰਹੀ ਸੀ, ਜਿਸ ਨੂੰ ਬਾਅਦ ਵਿਚ ਕਿਸੇ ਹੋਰ ਕੰਪਨੀ ਨੇ ਖਰੀਦ ਲਿਆ ਸੀ। ਇਸ ਤੋਂ ਵੀ ਪਹਿਲਾਂ, ਹਫ਼ਤੇ ਵਿਚ ਪੰਜ ਦਿਨ ਚੱਲਣ ਵਾਲੀ ਬਠਿੰਡਾ-ਜੰਮੂ ਉਡਾਣ ਵੀ 2019 ਵਿਚ ਬੰਦ ਕਰ ਦਿੱਤੀ ਗਈ ਸੀ। ਹਵਾਈ ਸੇਵਾਵਾਂ ਠੱਪ ਹੋਣ ਕਾਰਨ ਸਥਾਨਕ ਲੋਕਾਂ ਅਤੇ ਕਾਰੋਬਾਰੀਆਂ ਵਿਚ ਭਾਰੀ ਨਿਰਾਸ਼ਾ ਹੈ।
ਏਅਰਪੋਰਟ ਸਲਾਹਕਾਰ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਨੇ ਦੱਸਿਆ, ”ਏਅਰਲਾਈਨ ਨਾਲ ਤਿੰਨ ਸਾਲ ਦਾ ਸਮਝੌਤਾ ਖਤਮ ਹੋ ਗਿਆ ਹੈ, ਜਿਸ ਕਾਰਨ ਉਡਾਣ ਬੰਦ ਹੋਈ ਹੈ। ਸਾਡੀ ਕਮੇਟੀ ਦੀ ਚੇਅਰਪਰਸਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਅਤੇ ਚਿੱਠੀਆਂ ਰਾਹੀਂ ਵੀ ਇਹ ਮੁੱਦਾ ਚੁੱਕਿਆ ਸੀ। ਇਸ ਸਾਲ ਮਾਰਚ ਦੇ ਸੰਸਦ ਇਜਲਾਸ ਦੌਰਾਨ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਤੋਂ ਸਮਝੌਤਾ ਵਧਾਉਣ ਦਾ ਭਰੋਸਾ ਵੀ ਮੰਗਿਆ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਹਾਲਾਂਕਿ, ਚਾਰਟਰਡ ਉਡਾਣਾਂ ਪਹਿਲਾਂ ਵਾਂਗ ਚੱਲਦੀਆਂ ਰਹਿਣਗੀਆਂ ਕਿਉਂਕਿ ਹਵਾਈ ਅੱਡਾ ਉਨ੍ਹਾਂ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹੈ।”
ਅਲਾਇੰਸ ਏਅਰ ਵੱਲੋਂ ਉਡਾਣਾਂ ਬੰਦ ਕਰਨ ਮਗਰੋਂ ਬਠਿੰਡਾ ਹਵਾਈ ਅੱਡਾ ਪਿਆ ਸੁੰਨਾ

