#AMERICA

ਅਮਰੀਕੀ ਉਪ ਵਿਦੇਸ਼ ਮੰਤਰੀ ਵੱਲੋਂ ਅੱਤਵਾਦੀ ਘਟਨਾ ਰੋਕਣ ਵਾਲੇ ਭਾਰਤੀ ਪਾਇਲਟ ਦੀ ਬਹਾਦਰੀ ਦੀ ਸ਼ਲਾਘਾ

ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਨੇ ‘ਫਲਾਈਦੁਬਈ’ ਦੀ ਫਲਾਈਟ ਵਿਚ ”ਅੱਤਵਾਦੀ ਘਟਨਾ” ਨੂੰ ਰੋਕਣ ਵਾਲੇ ਭਾਰਤੀ ਪਾਇਲਟ ਸਮਿਤ ਮੱਛਾਰ ਅਤੇ ਹੋਰ ਲੋਕਾਂ ਦੀ ”ਕਮਾਲ ਦੀ ਬਹਾਦਰੀ” ਲਈ ”ਦਿਲੋਂ ਸਤਿਕਾਰ” ਪ੍ਰਗਟ ਕੀਤਾ ਹੈ।
ਲੈਂਡੌ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ, ”ਮੈਂ ਫਲਾਈਦੁਬਈ ਦੀ ਫਲਾਈਟ ਐੱਫ ਜ਼ੈਡ1073 ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਅਤੇ ਯਾਨਿਵ ਹੁਯਾਨ ਸਮੇਤ ਉਸ ਫਲਾਈਟ ਵਿਚ ਸਵਾਰ ਜ਼ਿਆਦਾਤਰ ਇਜ਼ਰਾਈਲੀ ਯਾਤਰੀਆਂ ਦਾ ਤਹਿ ਦਿਲੋਂ ਸਤਿਕਾਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਉਸ ਹਾਦਸੇ ਨੂੰ ਹੋਣ ਤੋਂ ਰੋਕਿਆ, ਜੋ ਦੁਨੀਆਂ ਦੀਆਂ ਸਭ ਤੋਂ ਭਿਆਨਕ ਅੱਤਵਾਦੀ ਘਟਨਾਵਾਂ ਵਿਚੋਂ ਇੱਕ ਹੋ ਸਕਦੀ ਸੀ।”
ਲੈਂਡੌ ਨੇ ਕਿਹਾ, ”ਅਜਿਹੀ ਦੁਨੀਆਂ ਵਿਚ ਜਿੱਥੇ ਮਸ਼ੀਨਾਂ ਅਤੇ ਤਕਨਾਲੋਜੀ ਸਾਡੇ ਲਈ ਬਹੁਤ ਕੁਝ ਕਰਦੀਆਂ ਹਨ, ਉਨ੍ਹਾਂ ਲੋਕਾਂ ਦੀ ਵੱਡੀ ਬਹਾਦਰੀ ਬਾਰੇ ਪੜ੍ਹਨਾ ਸੱਚਮੁੱਚ ਪ੍ਰੇਰਨਾ ਦੇਣ ਵਾਲਾ ਹੈ, ਜੋ ਆਪਣੀ ਆਮ ਜ਼ਿੰਦਗੀ ਜੀਅ ਰਹੇ ਸਨ ਅਤੇ ਇਸ ਤਰ੍ਹਾਂ ਦੀ ਮੁਸ਼ਕਲ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਭਾਰਤ ਅਤੇ ਇਜ਼ਰਾਈਲ ਨੂੰ ਉਨ੍ਹਾਂ ‘ਤੇ ਬਹੁਤ ਮਾਣ ਹੋਣਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ ਭਾਰਤੀ ਕਮਰਸ਼ੀਅਲ ਪਾਇਲਟ ਮੱਛਾਰ ਨੂੰ ਕੋ-ਪਾਇਲਟ ਵੱਲੋਂ ਹਵਾ ਵਿਚ ਕੀਤੇ ਗਏ ਹਮਲੇ ਦਾ ਡਟ ਕੇ ਮੁਕਾਬਲਾ ਕਰਨ ਅਤੇ ਜਹਾਜ਼ ਹਾਦਸੇ ਨੂੰ ਟਾਲਣ ਲਈ ਦੁਨੀਆਂ ਭਰ ਵਿਚ ਹੀਰੋ ਵਜੋਂ ਜਾਣਿਆ ਜਾ ਰਿਹਾ ਹੈ।