#PUNJAB

ਵਿਜੈਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ!

ਚੰਡੀਗੜ੍ਹ, 1 ਅਕਤੂਬਰ (ਪੰਜਾਬ ਮੇਲ)- ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਹਨ। ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਗ੍ਹਾ ਲੈਣ ਲਈ ਸਭ ਤੋਂ ਮੋਹਰੀ ਉਮੀਦਵਾਰ ਵਜੋਂ ਉਭਰ ਰਹੇ ਹਨ। ਵਿਜੈਇੰਦਰ ਸਿੰਗਲਾ ਦਾ ਨਾਂ ਸਭ ਤੋਂ ਅੱਗੇ ਆ ਰਿਹਾ ਹੈ ਅਤੇ ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੰਗਲਾ ਪਹਿਲਾਂ ਵੀ ਰਾਜਾ ਵੜਿੰਗ ਦੀ ਥਾਂ ਲੈਣ ਲਈ ਪਾਰਟੀ ਦੀ ਪਹਿਲੀ ਪਸੰਦ ਸਨ ਪਰ ਪੰਜਾਬ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਕਾਰਨ ਇਸ ਫੈਸਲੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਕਿਸੇ ਹਿੰਦੂ ਆਗੂ ਨੂੰ ਸੂਬੇ ਦਾ ਮੁਖੀ ਬਣਾਉਣ ਨਾਲ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕਈ ਜੱਟ ਸਿੱਖ ਆਗੂਆਂ ਨੂੰ ਸ਼ਾਂਤ ਕੀਤਾ ਜਾ ਸਕੇਗਾ। ਇੱਕ ਸੂਤਰ ਨੇ ਦੱਸਿਆ ਕਿ ਜੇਕਰ ਕਾਂਗਰਸ ਦਾ ਸੂਬਾ ਪ੍ਰਧਾਨ ਕੋਈ ਹਿੰਦੂ ਆਗੂ ਬਣਦਾ ਹੈ ਤਾਂ ਚੋਣਾਂ ਤੋਂ ਬਾਅਦ ਦੀ ਸਥਿਤੀ ਵਿਚ ਮੁੱਖ ਮੰਤਰੀ ਦਾ ਅਹੁਦਾ ਕਿਸੇ ਵੀ ਸਿੱਖ ਆਗੂ ਲਈ ਖੁੱਲ੍ਹਾ ਹੋਵੇਗਾ।
ਇਸ ਤੋਂ ਇਲਾਵਾ ਕਾਂਗਰਸ ਪੰਜਾਬ ਵਿਚ ਕੇਰਲ ਦੀ ਰਣਨੀਤੀ ਨੂੰ ਅਪਣਾ ਸਕਦੀ ਹੈ, ਜਿਸ ਵਿਚ ਸੂਬੇ ਦੀ ਵਾਗਡੋਰ ਸਥਾਨਕ ਆਗੂਆਂ ਦੇ ਹੱਥਾਂ ਵਿਚ ਦਿੱਤੀ ਜਾਵੇਗੀ ਅਤੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਪਿਛਲੇ ਪਾਸਿਓਂ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ ਜਾਵੇਗਾ। ਪੰਜਾਬ ਦੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਕੇਰਲ ਦੇ ਸੰਸਦ ਮੈਂਬਰਾਂ (ਜਿਵੇਂ ਕਿ ਕੇ.ਸੀ. ਵੇਣੂਗੋਪਾਲ) ਵਾਂਗ ਵਿਧਾਨ ਸਭਾ ਚੋਣਾਂ ਲੜਨ ਲਈ ਨਹੀਂ ਕਿਹਾ ਜਾਵੇਗਾ ਕਿਉਂਕਿ ਪਾਰਟੀ ਇੱਕ ਵੀ ਲੋਕ ਸਭਾ ਸੀਟ ਗੁਆਉਣ ਦਾ ਖ਼ਤਰਾ ਨਹੀਂ ਉਠਾ ਸਕਦੀ।
ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਗੁਰਜੀਤ ਸਿੰਘ ਔਜਲਾ ਪੰਜਾਬ ਵਿਚ ਇਸ ਵੱਡੇ ਅਹੁਦੇ ਦੇ ਦਾਅਵੇਦਾਰ ਹਨ। ਇਹ ਸਾਰੇ ਮੌਜੂਦਾ ਲੋਕ ਸਭਾ ਮੈਂਬਰ ਹਨ, ਜਦੋਂਕਿ ਵਿਜੈਇੰਦਰ ਸਿੰਗਲਾ ਸਾਬਕਾ ਸੰਸਦ ਮੈਂਬਰ ਹਨ ਅਤੇ ਉਹ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਿੰਗਲਾ ਦੇ ਨਾਂ ਬਾਰੇ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।
ਸਿੰਗਲਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ, ਏ.ਆਈ.ਸੀ.ਸੀ. ਦੇ ਸੰਯੁਕਤ ਖ਼ਜ਼ਾਨਚੀ ਹਨ। ਉਹ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਪੰਜਾਬ ਵਿਚ ਸਿੱਖਿਆ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਤੇ ਆਈ.ਟੀ. ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ।
ਦੂਜੇ ਪਾਸੇ ਰਾਜਾ ਵੜਿੰਗ ਨੇ ਆਪਣੇ ‘ਐਕਸ’ ਹੈਂਡਲ ਦਾ ਬਾਇਓ ਬਦਲ ਲਿਆ ਹੈ ਅਤੇ ਆਪਣੇ ਆਪ ਨੂੰ ਸਾਬਕਾ ਪੀ.ਪੀ.ਸੀ.ਸੀ. ਮੁਖੀ’ ਵਜੋਂ ਦਰਸਾਇਆ ਹੈ।