ਚੰਡੀਗੜ੍ਹ, 2 ਅਕਤੂਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਰਖ਼ਰੂ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਣ ਵਿਦੇਸ਼ ਯਾਤਰਾ ਦੀ ਤਿਆਰੀ ਖਿੱਚ ਲੈਣ ਦੇ ਚਰਚੇ ਹਨ। ਉਹ ਸਾਢੇ ਚਾਰ ਸਾਲ ਦੇ ਕਾਰਜਕਾਲ ਮਗਰੋਂ ਹੁਣ ਕੁਝ ਸਮਾਂ ਰੈਸਟ ਲੈਣ ਦੇ ਮੂਡ ਵਿਚ ਹਨ ਅਤੇ ਉਨ੍ਹਾਂ ਵੱਲੋਂ ਇੰਗਲੈਂਡ ਜਾਂ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਦੌਰਾਨ ਰਾਜਾ ਵੜਿੰਗ ਕਾਫ਼ੀ ਤਣਾਅ ਵਿਚੋਂ ਦੀ ਲੰਘ ਰਹੇ ਸਨ। ਉਹ ਰੈਸਟ ਲੈਣ ਬਾਰੇ ਇਸ਼ਾਰਾ ਵੀ ਕਰ ਚੁੱਕੇ ਹਨ।
ਚੇਤੇ ਰਹੇ ਕਿ ਸੰਸਦ ਮੈਂਬਰ ਤੇ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ‘ਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ‘ਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਖ਼ੁਦ ਹੀ ਲੰਘੇ ਕੱਲ੍ਹ ਆਪਣੇ ਆਪ ਨੂੰ ‘ਸਾਬਕਾ ਪ੍ਰਧਾਨ’ ਐਲਾਨ ਦਿੱਤਾ ਸੀ ਪ੍ਰੰਤੂ ਅੱਜ ਰਸਮੀ ਪ੍ਰਕਿਰਿਆ ਤਹਿਤ ਰਾਜਾ ਵੜਿੰਗ ਨੇ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ। ਵੜਿੰਗ ਨੇ ਸਪੱਸ਼ਟ ਕਿਹਾ ਕਿ ਉਸ ਤੋਂ ਅਸਤੀਫ਼ਾ ਲਿਆ ਨਹੀਂ, ਬਲਕਿ ਉਨ੍ਹਾਂ ਨੇ ਖ਼ੁਦ ਅਸਤੀਫ਼ਾ ਦਿੱਤਾ ਹੈ।
ਦੂਜੇ ਪਾਸੇ ਕਾਂਗਰਸ ਹਾਈਕਮਾਂਡ ਤਰਫ਼ੋਂ ਹੁਣ ਨਵੇਂ ਪ੍ਰਧਾਨ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ‘ਮੈਂ ਰਾਹੁਲ ਗਾਂਧੀ ਨੂੰ ਮਿਲ ਕੇ ਰਸਮੀ ਤੌਰ ‘ਤੇ ਉਨ੍ਹਾਂ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਸੌਂਪਿਆ ਹੈ ਜਿਨ੍ਹਾਂ ਦੀ ਬਦੌਲਤ ਉਹ ਸਾਢੇ ਚਾਰ ਸਾਲ ਪਹਿਲਾਂ ਪ੍ਰਧਾਨ ਬਣੇ ਸਨ।’
ਹੁਣ ਵਿਦੇਸ਼ ਯਾਤਰਾ ਦੀ ਤਿਆਰੀ ‘ਚ ਰਾਜਾ ਵੜਿੰਗ!

