#PUNJAB

ਵਿਦਿਆਰਥੀ ਚੋਣਾਂ ਦੇ ਨਤੀਜੇ ਪੰਜਾਬ ‘ਤੇ ਵੀ ਅਸਰ ਛੱਡਣਗੇ

ਅਕਾਲੀ-ਭਾਜਪਾ ਗੱਠਜੋੜ ਲਈ ਅਹਿਮ ਹੋ ਸਕਦੀ ਹੈ ਏ.ਬੀ.ਵੀ.ਪੀ. ਦੀ ਜਿੱਤ
ਚੰਡੀਗੜ੍ਹ, 2 ਸਤੰਬਰ (ਪੰਜਾਬ ਮੇਲ)- ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਪ੍ਰਧਾਨਗੀ ਚੋਣ ਦੇ ਨਤੀਜੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸੰਕੇਤਕ ਤੌਰ ‘ਤੇ ਪ੍ਰਭਾਵਿਤ ਕਰ ਸਕਦੇ ਹਨ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਅੰਕਿਤ ਬਿਧਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਆਦਿਲ ਬਰਾੜ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਨੇ ਏ.ਬੀ.ਵੀ.ਪੀ. ਦਾ ਸਮਰਥਨ ਕੀਤਾ ਸੀ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਪਹਿਲਾਂ ਹੀ ਜ਼ੋਰਾਂ ‘ਤੇ ਹਨ। ਅਜਿਹੀ ਸੂਰਤ ਵਿਚ ਯੂਨੀਵਰਸਿਟੀ ਚੋਣਾਂ ਦੇ ਨਤੀਜੇ ਦੋਵਾਂ ਧਿਰਾਂ ਦੀ ਸਿਆਸੀ ਨੇੜਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪੰਜਾਬ ਯੂਨੀਵਰਸਿਟੀ ‘ਚ ਬਹੁਗਿਣਤੀ ਵਿਦਿਆਰਥੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ, ਜਿਸ ਕਰ ਕੇ ਇਹ ਨਤੀਜੇ ਨੌਜਵਾਨਾਂ ਦੇ ਸਿਆਸੀ ਝੁਕਾਅ ਦਾ ਪ੍ਰਮਾਣ ਮੰਨੇ ਜਾ ਰਹੇ ਹਨ। ਇਨ੍ਹਾਂ ਚੋਣਾਂ ਦੀ ਜਿੱਤ ਹੁਣ ਭਾਜਪਾ ਪੰਜਾਬ ‘ਚ ਵੀ ਪ੍ਰਚਾਰੇਗੀ।
ਜਿੱਤ ਮਗਰੋਂ ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨਿਰਾਸ਼ਾ ਅਤੇ ਟਕਰਾਅ ਦੀ ਥਾਂ ਤਰੱਕੀ ਚਾਹੁੰਦੇ ਹਨ ਅਤੇ ਇਹ ਨਤੀਜਾ ਭਾਜਪਾ ਦੀ ਵਿਕਾਸ ਪੱਖੀ ਸਿਆਸਤ ਪ੍ਰਤੀ ਉਨ੍ਹਾਂ ਦੇ ਭਰੋਸੇ ਦਾ ਪ੍ਰਤੀਕ ਹੈ।
ਆਮ ਆਦਮੀ ਪਾਰਟੀ ਨੇ ਵੀ ਯੂਨੀਵਰਸਿਟੀ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਾਇਆ ਪਰ ਕਾਮਯਾਬੀ ਨਹੀਂ ਮਿਲੀ। ਇਸ ਦੇ ਨਾਲ ਹੀ ਕਾਂਗਰਸ ਦਾ ਉਮੀਦਵਾਰ ਤੀਜੇ ਸਥਾਨ ‘ਤੇ ਰਹਿਣਾ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।