#PUNJAB

ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਮਾਮਲੇ ‘ਚ ਨਵਾਂ ਖੁਲਾਸਾ!

-ਸੱਤ ਹਫ਼ਤਿਆਂ ਦੀ ਗਰਭਵਤੀ ਹੋਣ ਦੀ ਪੁਸ਼ਟੀ
ਚੰਡੀਗੜ੍ਹ, 2 ਸਤੰਬਰ (ਪੰਜਾਬ ਮੇਲ)- ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਤੋਂ ਇੱਕ ਹੋਰ ਅਹਿਮ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 28 ਸਾਲਾ ਮਨਜੀਤ ਕੌਰ ਮੌਤ ਸਮੇਂ ਕਰੀਬ ਸੱਤ ਹਫ਼ਤਿਆਂ ਦੀ ਗਰਭਵਤੀ ਸੀ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਅਤੇ ਪੇਚੀਦਾ ਬਣ ਗਿਆ ਹੈ।
ਰਿਪੋਰਟਾਂ ਅਨੁਸਾਰ ਮਨਜੀਤ ਕੌਰ ਨੂੰ ਜੁਲਾਈ ਦੇ ਸ਼ੁਰੂ ਵਿਚ ਚੰਡੀਗੜ੍ਹ ਤੋਂ ਕਥਿਤ ਤੌਰ ‘ਤੇ ਅਗਵਾ ਕੀਤਾ ਗਿਆ ਸੀ। ਦੋਸ਼ ਹੈ ਕਿ ਉਸਨੂੰ ਮੋਰਿੰਡਾ ਨੇੜੇ ਇੱਕ ਸੁੰਨਸਾਨ ਇਲਾਕੇ ਵਿਚ ਲਿਜਾਇਆ ਗਿਆ, ਦਰੱਖਤ ਨਾਲ ਬੰਨ੍ਹਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ। ਉਹ ਗੰਭੀਰ ਤੌਰ ‘ਤੇ ਝੁਲਸ ਗਈ ਸੀ ਅਤੇ ਲੰਬੇ ਸਮੇਂ ਤੱਕ ਇਲਾਜ ਅਧੀਨ ਰਹੀ। ਆਖ਼ਿਰਕਾਰ 26 ਅਗਸਤ ਨੂੰ ਪੀ.ਜੀ.ਆਈ. ਐੱਮ.ਈ.ਆਰ. ਚੰਡੀਗੜ੍ਹ ਵਿਚ ਉਸਦੀ ਮੌਤ ਹੋ ਗਈ।
ਚੰਡੀਗੜ੍ਹ ਪੁਲਿਸ ਨੇ ਹੁਣ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ। ਜਾਂਚ ਅਧਿਕਾਰੀ ਉਪਲਬਧ ਸੀ.ਸੀ.ਟੀ.ਵੀ. ਫੁਟੇਜ, ਮੋਬਾਈਲ ਫੋਨ ਰਿਕਾਰਡ, ਸੋਸ਼ਲ ਮੀਡੀਆ ਸੰਪਰਕਾਂ ਅਤੇ ਹੋਰ ਡਿਜ਼ੀਟਲ ਸਬੂਤਾਂ ਦੀ ਜਾਂਚ ਕਰ ਰਹੇ ਹਨ। ਪੁਲਿਸ ਲਈ ਵੱਡੀ ਮੁਸ਼ਕਲ ਇਹ ਹੈ ਕਿ ਘਟਨਾ ਨੂੰ ਲਗਭਗ ਦੋ ਮਹੀਨੇ ਬੀਤ ਚੁੱਕੇ ਹਨ ਅਤੇ ਕਈ ਥਾਵਾਂ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਹੁਣ ਉਪਲਬਧ ਨਹੀਂ ਰਹੀ।
ਇਸ ਮਾਮਲੇ ਵਿਚ ਇਹ ਸਵਾਲ ਵੀ ਉੱਠ ਰਹੇ ਹਨ ਕਿ ਹਸਪਤਾਲ ਵਿਚ ਹੋਸ਼ ਵਿਚ ਆਉਣ ਤੋਂ ਬਾਅਦ ਮਨਜੀਤ ਕੌਰ ਦਾ ਬਿਆਨ ਕਿਉਂ ਦਰਜ ਨਹੀਂ ਕੀਤਾ ਗਿਆ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਵੀ ਮਾਮਲੇ ਦੀ ਸੀਨੀਅਰ ਪੱਧਰ ‘ਤੇ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਦੋਸ਼ੀਆਂ ਦੀ ਭੂਮਿਕਾ ਅਤੇ ਹਮਲੇ ਦੇ ਅਸਲ ਕਾਰਨਾਂ ਬਾਰੇ ਅੰਤਿਮ ਨਤੀਜਾ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।