#PUNJAB

Punjab bandh: ਰੋਪੜ, ਸ੍ਰੀ ਆਨੰਦਪੁਰ ਸਾਹਿਬ ਸਾਹਿਬ ਤੇ ਨੰਗਲ ’ਚ ਨਿਹੰਗ ਸਿੰਘਾਂ ਨੇ ਜ਼ਬਰਦਸਤੀ ਬੰਦ ਕਰਵਾਈਆਂ ਦੁਕਾਨਾਂ

ਰੋਪੜ, 21 ਅਗਸਤ (ਪੰਜਾਬ ਮੇਲ) – ਕੌਮੀ ਇੰਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਅੱਜ ਪੰਜਾਬ ਭਰ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲੀਸ ਬਲ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਚੰਡੀਗੜ੍ਹ ਵਿੱਚ ਪੰਜਾਬ ਨਾਲ ਲੱਗਦੀਆਂ ਸਰਹੱਦਾਂ ‘ਤੇ ਵੀ ਪੁਲੀਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਸਮੇਤ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਬੰਦ ਰੱਖੀਆਂ ਗਈਆਂ ਹਨ।

ਪਟਿਆਲਾ ਦੇ ਪੁਲੀਸ ਕਪਤਾਨ (SP) ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਬੰਦ ਕਾਫ਼ੀ ਹੱਦ ਤੱਕ ਸ਼ਾਂਤ ਰਿਹਾ ਹੈ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ‘ਤੇ ਖੁੱਲ੍ਹ ਗਏ ਹਨ, ਜਦਕਿ ਨਿੱਜੀ ਸਕੂਲ ਬੰਦ ਰਹੇ ਹਨ।

ਕੌਮੀ ਇੰਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਹਾਲਾਂਕਿ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੌਮੀ ਇਨਸਾਫ਼ ਮੋਰਚਾ ਨੇ ਪੁਲੀਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ ਐੱਫ ਆਈ ਆਰ ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ ਅੱਜ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲੀਸ ਨੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਬੈਰੀਕੇਡਾਂ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਅਤੇ ਪੁਲੀਸ ਵੱਲੋਂ ਆਗੂਆਂ ਅਤੇ ਸਮਰਥਕਾਂ ਵਿਰੁੱਧ ਕਈ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਸਨ।

ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਅਜੇ ਵੀ ਜੇਲ੍ਹ ਵਿੱਚ ਹਨ, ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਤੇ ਪੁਲੀਸ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਬੰਦ ਦੌਰਾਨ ਕਾਰੋਬਾਰ, ਟਰਾਂਸਪੋਰਟ, ਸੜਕ ਅਤੇ ਰੇਲ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ ਅਤੇ ਕੇਵਲ ਜ਼ਰੂਰੀ ਸੇਵਾਵਾਂ ਨੂੰ ਹੀ ਚੱਲਣ ਦੀ ਇਜਾਜ਼ਤ ਹੋਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਸੇਵਾਵਾਂ, ਹਸਪਤਾਲ ਦਾ ਅਮਲਾ, ਮੈਡੀਕਲ ਸੁਵਿਧਾਵਾਂ, ਐਂਬੂਲੈਂਸਾਂ ਦੀ ਆਵਾਜਾਈ, ਸੈਨਾ, ਵਿਆਹ ਜਾਂ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਅਤੇ ਵਿਦੇਸ਼ੀ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।