#AMERICA

ਈਰਾਨੀ ਧਮਕੀ ਦੇ ਮੱਦੇਨਜ਼ਰ ਟਰੰਪ ਨੇ ਤੁਰਕੀ ਤੋਂ ਗੁਪਤ ਤੌਰ ‘ਤੇ ਬਦਲਿਆ ਜਹਾਜ਼

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਮਹੀਨੇ ਇੱਕ ਬੇਹੱਦ ਗੁਪਤ ਕਾਰਵਾਈ ਕੀਤੀ ਗਈ, ਜਿਸ ਦੌਰਾਨ ਟਰੰਪ ਨੇ ਤੁਰਕੀ ਤੋਂ ਰਵਾਨਾ ਹੁੰਦੇ ਸਮੇਂ ਆਪਣਾ ਜਹਾਜ਼ ਗੁਪਤ ਤੌਰ ‘ਤੇ ਬਦਲ ਲਿਆ। ਰਿਪੋਰਟ ਮੁਤਾਬਕ ਇਹ ਕਦਮ ਈਰਾਨ ਵੱਲੋਂ ਰਾਸ਼ਟਰਪਤੀ ਖ਼ਿਲਾਫ਼ ਕਥਿਤ ਹੱਤਿਆ ਦੀ ਧਮਕੀ ਮਿਲਣ ਤੋਂ ਬਾਅਦ ਚੁੱਕਿਆ ਗਿਆ ਸੀ।
ਰਿਪੋਰਟ ਅਨੁਸਾਰ ਟਰੰਪ ਨੂੰ ਤੁਰਕੀ ਦੇ ਅੰਕਾਰਾ ਵਿਚ ਨਾਟੋ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਪਹਿਲਾਂ ਪੁਰਾਣੇ ”ਏਅਰ ਫੋਰਸ ਵਨ” ਵਿਚ ਸਵਾਰ ਹੋਏ। ਉਨ੍ਹਾਂ ਨੇ ਕੈਮਰਿਆਂ ਸਾਹਮਣੇ ਹੱਥ ਹਿਲਾ ਕੇ ਰਵਾਨਗੀ ਦਾ ਸੰਕੇਤ ਵੀ ਦਿੱਤਾ। ਪਰ ਕੁਝ ਮਿੰਟਾਂ ਬਾਅਦ ਉਹ ਇੱਕ ਛੋਟੇ ਸੀ-32ਏ ਜਹਾਜ਼ ਵਿਚ ਗੁਪਤ ਤੌਰ ‘ਤੇ ਤਬਦੀਲ ਹੋ ਗਏ। ਇਸ ਲਈ ਇੱਕ ਏਅਰਪੋਰਟ ਕੇਟਰਿੰਗ ਟਰੱਕ ਦੀ ਵਰਤੋਂ ਕੀਤੀ ਗਈ, ਤਾਂ ਜੋ ਉਨ੍ਹਾਂ ਦੀ ਅਸਲ ਯਾਤਰਾ ਬਾਰੇ ਜਾਣਕਾਰੀ ਲੁਕੀ ਰਹੇ।
ਇਸ ਕਾਰਵਾਈ ਕਾਰਨ ਪੁਰਾਣਾ ਏਅਰ ਫੋਰਸ ਵਨ ਇੱਕ ਤਰ੍ਹਾਂ ਦਾ ”ਡਿਕੌਇ” ਜਹਾਜ਼ ਬਣ ਗਿਆ, ਜਿਸ ਵਿਚ ਵ੍ਹਾਈਟ ਹਾਊਸ ਦੇ ਕੁਝ ਕਰਮਚਾਰੀ ਅਤੇ ਮੀਡੀਆ ਦੇ ਮੈਂਬਰ ਮੌਜੂਦ ਸਨ। ਉਨ੍ਹਾਂ ਵਿਚੋਂ ਕਈ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਰਾਸ਼ਟਰਪਤੀ ਅਸਲ ਵਿਚ ਉਸ ਜਹਾਜ਼ ‘ਤੇ ਨਹੀਂ ਸਨ। ਰਿਪੋਰਟ ਮੁਤਾਬਕ ਟਰੰਪ ਸੀ-32ਏ ਰਾਹੀਂ ਬ੍ਰਿਟੇਨ ਪਹੁੰਚੇ ਅਤੇ ਇਸ ਉਡਾਣ ਲਈ ”Reach 18” ਕਾਲ ਸਾਈਨ ਵਰਤਿਆ ਗਿਆ।
ਇਹ ਸੁਰੱਖਿਆ ਪ੍ਰਬੰਧ ਉਸ ਸਮੇਂ ਕੀਤਾ ਗਿਆ, ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਬਹੁਤ ਵਧਿਆ ਹੋਇਆ ਸੀ। ਅਮਰੀਕੀ ਬਲਾਂ ਵੱਲੋਂ ਈਰਾਨ ‘ਤੇ ਮੁੜ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਗੰਭੀਰ ਹੋ ਗਈਆਂ ਸਨ। ਰਿਪੋਰਟ ਮੁਤਾਬਕ ਖੁਫੀਆ ਅਧਿਕਾਰੀਆਂ ਨੇ ਟਰੰਪ ਜਾਂ ਉਨ੍ਹਾਂ ਦੇ ਜਹਾਜ਼ ‘ਤੇ ਹਮਲੇ ਦੀ ਖ਼ਾਸ ਧਮਕੀ ਬਾਰੇ ਚੇਤਾਵਨੀ ਦਿੱਤੀ ਸੀ।
ਵ੍ਹਾਈਟ ਹਾਊਸ ਨੇ ਇਸ ਮਾਮਲੇ ਵਿਚ ਟਰੰਪ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ। ਰਾਸ਼ਟਰਪਤੀ ਨੇ ਖ਼ੁਦ ਵੀ ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਜਾਨ ਦਾ ਖ਼ਤਰਾ ਰਹਿੰਦਾ ਹੈ ਅਤੇ ਈਰਾਨ ਵੱਲੋਂ ਉਨ੍ਹਾਂ ਨੂੰ ਖ਼ਾਸ ਨਿਸ਼ਾਨਾ ਮੰਨਿਆ ਜਾਂਦਾ ਹੈ।