#AMERICA

ਅਮਰੀਕਾ ‘ਚ ਪਿਛਲੇ ਮਹੀਨੇ ਹਜ਼ਾਰਾਂ ਨੌਕਰੀਆਂ ਹੋਈਆਂ ਖਤਮ

ਸੈਕਰਾਮੈਂਟੋ, 12 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਅਮਰੀਕਾ ਦੀ ਅਰਥ ਵਿਵਸਥਾ ਵਿਚ ਮੰਦਾ ਛਾਇਆ ਰਿਹਾ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ, ਜੁਲਾਈ ਵਿਚ ਅਮਰੀਕੀ ਕਿਰਤ ਬਾਜ਼ਾਰ ਵਿਚ ਉਥਲ ਪੁੱਥਲ ਰਹੀ ਤੇ 23,000 ਨੌਕਰੀਆਂ ਖਤਮ ਹੋ ਗਈਆਂ, ਹਾਲਾਂਕਿ ਬੇਰੁਜ਼ਗਾਰੀ ਦਰ 4.2% ਤੋਂ ਘੱਟ ਕੇ 4.1% ਹੋ ਗਈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਖੁਦ ਹੀ ਕਿਰਤ ਬਾਜ਼ਾਰ ਵਿਚੋਂ ਲਾਂਭੇ ਹੋਣ ਵਿਚ ਆਪਣੀ ਭਲਾਈ ਸਮਝੀ ਹੈ। ਮਈ ਵਿਚ ਨੌਕਰੀਆਂ ਦੇ ਨਵੇਂ ਮੌਕੇ 129,000 ਤੋਂ ਘੱਟ ਕੇ 66,000 ਰਹਿ ਗਏ। ਕਾਮਿਆਂ ਦੀ ਤਨਖਾਹ ਵਿਚ ਵਾਧਾ ਪੰਜ ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਿਆ। ਰਿਪੋਰਟ ਅਨੁਸਾਰ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਜੁਲਾਈ ਵਿਚ 95,000 ਨੌਕਰੀਆਂ ਦਾ ਵਾਧਾ ਹੋਵੇਗਾ ਪਰੰਤੂ ਵਾਧੇ ਦੀ ਬਜਾਏ ਅਰਥਵਿਵਸਥਾ ‘ਚ ਨਿਘਾਰ ਆਇਆ ਹੈ। ਨੇਵੀ ਫੈਡਰਲ ਕ੍ਰੈਡਿਟ ਯੂਨੀਅਨ ਦੇ ਮੁੱਖ ਅਰਥ ਸ਼ਾਸਤਰੀ ਹੀਥਰ ਲੌਂਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਨਿਰਾਸ਼ਾਜਨਕ ਰਿਪੋਰਟ ਹੈ ਅਤੇ ਇਹ ਸੰਕੇਤ ਮਿਲਿਆ ਹੈ ਕਿ ਕਿਰਤ ਬਾਜ਼ਾਰ ਵਿਚ ਦੁਬਾਰਾ ਖੜੋਤ ਆ ਰਹੀ ਹੈ। ਰਿਪੋਰਟ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਮਾਲਕ ਏ.ਆਈ. ਨੂੰ ਤੇਜ਼ੀ ਨਾਲ ਅਪਣਾਉਣ, ਉੱਚ ਤੇਲ ਦੀਆਂ ਕੀਮਤਾਂ, ਨੀਤੀ ਅਨਿਸ਼ਚਿਤਤਾ ਅਤੇ ਈਰਾਨ ਨਾਲ ਜੰਗ ਦੇ ਮੱਦੇਨਜ਼ਰ ਨਵੀਂ ਭਰਤੀ ਕਰਨ ਬਾਰੇ ਵਧੇਰੇ ਸਾਵਧਾਨੀ ਵਰਤ ਰਹੇ ਹਨ।