#INDIA

ਏਅਰ ਇੰਡੀਆ ਵੱਲੋਂ ਨਵੀਂ ‘ਈਜ਼ੀ ਕਨੈਕਟ’ ਫਲਾਈਟ ਸੇਵਾ ਦੀ ਸ਼ੁਰੂਆਤ

-ਦਿੱਲੀ ਹਵਾਈ ਅੱਡੇ ‘ਤੇ ਵਾਰ-ਵਾਰ ਚੈੱਕ-ਇਨ ਅਤੇ ਇਮੀਗ੍ਰੇਸ਼ਨ ਤੋਂ ਮਿਲੇਗੀ ਨਿਜਾਤ: ਕੇਂਦਰੀ ਮੰਤਰੀ ਨਾਇਡੂ ਨੇ ਕੀਤਾ ਉਦਘਾਟਨ
ਚੰਡੀਗੜ੍ਹ, 29 ਜੁਲਾਈ (ਪੰਜਾਬ ਮੇਲ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਇੱਕ ਵੱਡੀ ਸੌਗਾਤ ਮਿਲੀ ਹੈ। ਏਅਰ ਇੰਡੀਆ ਵੱਲੋਂ ਆਪਣੀ ਨਵੀਂ ‘ਈਜ਼ੀ ਕਨੈਕਟ’ (ਹਬ-ਐਂਡ-ਸਪੋਕ) ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਵੱਲੋਂ ਵਰਚੁਅਲ ਢੰਗ ਨਾਲ ਕੀਤਾ ਗਿਆ।
ਇਸ ਸੇਵਾ ਦੇ ਸ਼ੁਰੂ ਹੋਣ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਿਮ ਪੜਾਅ ਲਈ ਬੁੱਕ ਹੋ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ-ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਪਵੇਗੀ।
ਇਹ ਇੱਕ ਅਜਿਹੀ ਸੁਵਿਧਾ ਹੈ, ਜਿਸ ਵਿਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ-ਇਨ ਕਰ ਸਕਦੇ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ-ਇਨ, ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਵਿਚੋਂ ਨਹੀਂ ਲੰਘਣਾ ਪਵੇਗਾ। ਯਾਤਰੀ ਦਿੱਲੀ ਤੋਂ ਸਿੱਧੇ ਕੌਮਾਂਤਰੀ ਟਰਾਂਜ਼ਿਟ ਰਾਹੀਂ ਅਗਲੀ ਉਡਾਣ ਫੜ ਸਕਣਗੇ। 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਸ਼ੁਰੂ ਹੋ ਗਈ ਹੈ।
ਰੋਜ਼ਾਨਾ ਦੋ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਪਹਿਲੀ ਫਲਾਈਟ (ਏ.ਆਈ.-1113) ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ। ਦੂਜੀ ਫਲਾਈਟ (ਏ.ਆਈ.-1115) ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।
ਦਿੱਲੀ ਪਹੁੰਚਣ ਦੇ 4 ਘੰਟਿਆਂ ਦੇ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਲਈ ਕਨੈਕਟਿੰਗ ਉਡਾਣਾਂ ਉਪਲਬਧ ਹੋਣਗੀਆਂ।
ਇਹ ਸੁਵਿਧਾ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ (ਯੂ.ਕੇ.), ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਲਈ ਉਪਲਬਧ ਹੋਵੇਗੀ।